ਪਟਨਾ : ਬਿਹਾਰ ਇੰਟਰਮੀਡੀਏਟ ਪਰੀਖਿਆ ਘੋਟਾਲੇ ਦੇ ਮਾਮਲੇ ਦੇ ਦੋ ਦੋਸ਼ੀਆਂ ਨੂੰ ਸੁਰੱਖਿਆ ਦੇਣ ਦੇ ਦੋਸ਼ੀ ਨੂੰ ਪਟਨਾ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਜ਼ਮਾਨਤ ਦੇ ਦਿੱਤੀ। ਨਿਗਰਾਨੀ ਦੇ ਵਿਸ਼ੇਸ਼ ਜੱਜ ਰਾਘਵੇਂਦਰ ਕੁਮਾਰ ਸਿੰਘ ਨੇ ਦੋਸ਼ੀ ਪ੍ਰਭਾਤ ਕੁਮਾਰ ਜਾਇਸਵਾਲ ਵਲੋਂ ਦਾਖਲ ਕੀਤੀ ਗਈ ਨਿਯਮਤ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚਕਲਿਆਂ ਨਾਲ ਉਸੇ ਰਾਸ਼ੀ ਦੇ ਦੋ ਜ਼ਮਾਨਤਦਾਰਾਂ ਦਾ ਬੰਧ ਪੱਤਰ ਦਾਖਲ ਕਰਨ ਤੋਂ ਬਾਅਦ ਜ਼ਮਾਨਤ ‘ਤੇ ਮੁਕਤ ਕੀਤੇ ਜਾਣ ਦਾ ਹੁਕਮ ਦਿੱਤਾ। ਜਾਇਸਵਾਲ ‘ਤੇ ਮਾਮਲੇ ਦੇ ਦੋ ਦੋਸ਼ੀਆਂ ਬਿਹਾਰ ਯੂਨੀਵਰਸਿਟੀ ਪਰੀਖਿਆ ਸਮਿਤੀ ਦੇ ਸਾਬਕਾ ਮੁਖੀ ਡਾ. ਲਾਲਕੇਸ਼ਵਰ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਡਾ. ਊਸ਼ਾ ਸਿਨ੍ਹਾ ਨੂੰ ਵਾਰਾਣਸੀ ‘ਚ ਸੁਰੱਖਿਆ ਦੇਣ ਦਾ ਦੋਸ਼ ਹੈ।
ਗੌਰਤਲਬ ਹੈ ਕਿ ਇਸ ਸਾਲ ਇੰਟਰ ਪਰੀਖਿਆ ‘ਚ ਟਾਪ ਰਹੇ ਕੁਝ ਵਿਦਿਆਰਥੀ-ਵਿਦਿਆਰਥਣਾਂ ਤੋਂ ਇਕ ਟੀ. ਵੀ ਚੈਨਲ ਨੇ ਜਦ ਸਵਾਲ ਕੀਤੇ ਤਦ ਉਜਾਗਰ ਹੋਇਆ ਕਿ ਉਨ੍ਹਾਂ ਆਪਣੀ ਪੜ੍ਹਾਈ ਸੰਬੰਧੀ ਆਮ ਜਿਹੀ ਜਾਣਕਾਰੀ ਵੀ ਨਹੀਂ ਹੈ। ਪਤਾ ਲੱਗਾ ਹੈ ਕਿ ਬਿਹਾਰ ਯੂਨੀਵਰਸਿਟੀ ਪਰੀਖਿਆ ਸਮਿਤੀ ਦੇ ਕੁਝ ਮਹੱਤਵਪੂਰਨ ਅਹੁਦਿਆਂ ‘ਤੇ ਬੈਠੇ ਲੋਕ ਅਤੇ ਸਿੱਖਿਆ ਮਾਫੀਆ ਨੇ ਫਰਜ਼ੀਵਾੜਾ ਕਰ ਕੇ ਵਿਦਿਆਰਥੀ-ਵਿਦਿਆਰਥਣਾਂ ਨੂੰ ਨਾ ਸਿਰਫ ਪਾਸ ਕਰਵਾਇਆ ਬਲਕਿ ਟਾਪ ਕਰਾ ਦਿੱਤਾ।
ਘੋਟਾਲਾ ਉਜਾਗਰ ਹੋਣ ਤੋਂ ਬਾਅਦ ਛੇ ਜੂਨ ਨੂੰ ਪਟਨਾ ਦੇ ਕੋਤਵਾਲੀ ਥਾਣਾ ‘ਚ ਵੈਸ਼ਾਲੀ ਜ਼ਿਲ੍ਹੇ ਦੇ ਭਗਵਾਨਪੁਰ ਥਾਣਾ ਦੇ ਕੀਰਤਪੁਰ ਸਥਿਤ ਵਿਸ਼ੁਨ ਰਾਏ ਕਾਲਜ ਦੇ ਪ੍ਰੋਫੈਸਰ ਡਾ. ਅਮਿਤ ਕੁਮਾਰ ਉਰਫ ਬੱਚਾ ਰਾਏ ਅਤੇ ਬਿਹਾਰ ਯੂਨੀਵਰਸਿਟੀ ਪਰੀਖਿਆ ਦੇ ਤੱਤਕਾਲੀਨ ਮੁਖੀ ਲਾਕੇਸ਼ਵਰ ਪ੍ਰਸਾਦ ਸਮੇਤ ਹੋਰਾਂ ਵਿਰੁੱਧ ਐੱਫ. ਆਈ. ਆਰ ਦਰਜ ਕਰਵਾਈ ਗਈ। ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ) ਕਰ ਰਿਹਾ ਹੈ ਅਤੇ ਮਾਮਲੇ ਦੀ ਸੁਣਵਾਈ ਨਿਗਰਾਨੀ ਦੀ ਵਿਸ਼ੇਸ਼ ਅਦਾਲਤ ‘ਚ ਹੋ ਰਹੀ ਹੈ।















