ਅਮਰੀਕੀ ਗਠਜੋੜ ਦੇ ਹਵਾਈ ਹਮਲੇ ‘ਚ 56 ਨਾਗਰਿਕਾਂ ਦੀ ਮੌਤ

6ਬੇਰੂਤ :  ਉੱਤਰੀ ਸੀਰੀਆ ਦੇ ਇਸਲਾਮਿਕ ਸਟੇਟ ਕੰਟਰੋਲ ਮਨਬਿਜ ਕਸਬੇ ‘ਚ ਮੰਗਲਵਾਰ ਨੂੰ ਅਮਰੀਕੀ ਗਠਜੋੜ ਦੀ ਅਗਵਾਈ ਵਾਲੇ ਦੇਸ਼ਾਂ ਦੇ ਜਹਾਜ਼ਾਂ ਦੇ ਹਵਾਈ ਹਮਲੇ ‘ਚ 56 ਨਾਗਰਿਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਨੇ ਦਿੱਤੀ ਹੈ। ਮਨਬਿਜ ਕਸਬਾ ਉੱਤਰੀ ਸੀਰੀਆ ‘ਚ ਤੁਰਕੀ ਦੀ ਸਰਹੱਦ ਨੇੜੇ ਸਥਿਤ ਹੈ।
ਸੀਰੀਅਨ ਆਬਜ਼ਰਵੇਟਰੀ ਮੁਤਾਬਕ ਮਰਨ ਵਾਲਿਆਂ ‘ਚ 11 ਬੱਚੇ ਵੀ ਸ਼ਾਮਲ ਹਨ। ਹਮਲੇ ‘ਚ ਕਈ ਦਰਜਨ ਲੋਕ ਜ਼ਖਮੀ ਵੀ ਹੋ ਗਏ। ਕੱਲ ਦੇ ਹਵਾਈ ਹਮਲੇ ਵਿਚ ਵੀ 21 ਲੋਕ ਮਾਰੇ ਗਏ ਸਨ। ਇਹ ਹਮਲਾ ਵੀ ਗਠਜੋੜ ਦੇ ਜਹਾਜ਼ਾਂ ਨੇ ਕੀਤਾ ਸੀ। ਅਮਰੀਕਾ ਸਹਿਯੋਗੀ ਸੀਰੀਅਨ ਡੇਮੋਕ੍ਰੇਟਿਕ ਫੋਰਸ ਨੇ ਮਈ ‘ਚ ਮਨਬਿਜ ਨੂੰ ਇਸਲਾਮਿਕ ਸਟੇਟ ਤੋਂ ਖਾਲੀ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਪਰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਲੋਂ ਥਾਂ-ਥਾਂ ਬਾਰੂਦੀ ਸੁਰੰਗਾਂ ਵਿਛਾ ਦੇਣ ਕਾਰਨ ਵਿਰੋਧੀ ਧਿਰ ਦੇ ਫੌਜੀਆਂ ਦੇ ਅੱਗੇ ਵਧਣ ਦੀ ਰਫਤਾਰ ਕਾਫੀ ਮੱਧਣ ਪੈ ਗਈ ਸੀ।