ਜਲੰਧਰ: ਅਕਾਲੀ ਦਲ ਵਿੱਚੋਂ ਮੁੱਅਤਲ ਕੀਤੇ ਗਏ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਉਹ ਹੁਣ ਅਕਾਲੀ ਦਲ ਵਿੱਚ ਵਾਪਸੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਇਸ ਫੈਸਲੇ ਤੋਂ ਖੁਸ਼ ਹਨ। ਜਲੰਧਰ ਵਿੱਚ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿੱਚ ਬਦਲਾਅ ਲਈ ਆਏ ਸਨ। ਉਨ੍ਹਾਂ ਕਿਹਾ ਕਿ ਉਹ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਹੱਕ ਵਿੱਚ ਹਨ ਪਰ ਲੋਕਾਂ ਦੀ ਮਜਬੂਰੀਆਂ ਨੂੰ ਸਮਝਣਾ ਵੀ ਜ਼ਰੂਰੀ ਹੈ।
ਜਲੰਧਰ ਕੈਂਟ ਦੀ ਚੁੰਗੀ ਦਾ ਮਸਲਾ ਵੀ ਕਈ ਵਾਰ ਚੁੱਕਿਆ, ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਲੋਕਾਂ ਦੇ ਮਸਲੇ ਚੁੱਕਣ ਨੂੰ ਹੀ ਅਨੁਸ਼ਾਸਨਹੀਨਤਾ ਸਮਝਦੀ ਹੈ ਤਾਂ ਉਹ ਵਾਰ-ਵਾਰ ਇਹ ਹੀ ਕਰਨਗੇ। ਇਹ ਪਾਰਟੀ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਨਹੀਂ ਗਏ ਪਰ ਅਕਾਲੀ ਦਲ ਦੇ ਲੀਡਰ ਕਹਿ ਰਹੇ ਹਨ ਕਿ ਪਰਗਟ ਸਿੰਘ ਦਿੱਲੀ ਗਿਆ ਸੀ। ਉਪ ਮੁੱਖ ਮੰਤਰੀ ਕੋਲ ਵੀ ਗਲਤ ਖਬਰ ਹੈ ਕਿ ਉਹ ਦਿੱਲੀ ਗਿਆ ਸੀ। ਸੂਬੇ ਦੇ ਗ੍ਰਹਿ ਮੰਤਰੀ ਨੂੰ ਵੀ ਨਹੀਂ ਪਤਾ ਕਿ ਕੀ ਸਹੀ ਹੈ ਤੇ ਗਲਤ ਕੀ ਹੈ।
ਪਰਗਟ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਮਾਫੀ ਨਹੀਂ ਮੰਗਣਗੇ। ਪਹਿਲਾਂ ਉਨ੍ਹਾਂ ਸੋਚਿਆ ਸੀ ਕਿ ਰਾਜਨੀਤੀ ਤੋਂ ਕਿਨਾਰਾ ਕਰ ਲੈਣ ਪਰ ਹੁਣ ਉਹ ਰਾਜਨੀਤੀ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਵਿੱਚ ਮੁੜ ਕੇ ਨਹੀਂ ਜਾਣਗੇ। ਚਾਹੇ ਪਾਰਟੀ ਜੋ ਮਰਜ਼ੀ ਕਰੇ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ, ਉਨ੍ਹਾਂ ਕਿਹਾ ਕਿ ਨਵਜੋਤ ਸਿਧੂ ਨਾਲ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈ ਪਰ ਕੋਈ ਕਲਰਕ ਦੀ ਕੁਰਸੀ ਨਹੀਂ ਛੱਡਦਾ ਤੇ ਨਵਜੋਤ ਨੇ ਐਮ.ਪੀ. ਦਾ ਅਹੁਦਾ ਛੱਡਿਆ ਹੈ।















