ਭਾਰਤ ਨੇ 2-1 ਨਾਲ ਜਿੱਤੀ ਵਨ-ਡੇ ਸੀਰੀਜ਼

ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੈਚ ‘ਚ ਭਾਰਤੀ ਗੇਂਦਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫ਼ਰੀਕਾ ਨੂੰ 27 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 99 ਦੌੜਾਂ ‘ਤੇ ਰੋਕ ਦਿੱਤਾ। ਇਸ ਤਰ੍ਹਾਂ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਜਿੱਤ ਲਈ 100 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 19 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 105 ਦੌੜਾਂ ਬਣਾਈਆਂ ਤੇ ਇਸ ਤਰ੍ਹਾਂ ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕਰ ਲਿਆ ਹੈ।
ਟੀਚੇ ਦਾ ਪਿੱਛਾ ਕਰਨ ਆਏ ਭਾਰਤ ਨੂੰ ਪਹਿਲਾ ਝਟਕਾ ਓਦੋਂ ਲੱਗਾ ਜਦੋਂ ਕਪਤਾਨ ਸ਼ਿਖਰ ਧਵਨ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਰਨ ਆਊਟ ਹੋ ਕੇ ਪੈਵਿਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਓਦੋਂ ਲੱਗਾ ਜਦੋਂ ਈਸ਼ਾਨ ਕਿਸ਼ਨ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਫ਼ੌਰਚਿਉਨ ਵਲੋਂ ਆਊਟ ਹੋ ਗਿਆ। ਸ਼ੁਭਮਨ ਗਿੱਲ 49 ਦੌੜਾਂ ਦੀ ਪਾਰੀ ਖੇਡ ਆਊਟ ਹੋਇਆ। ਭਾਰਤ ਵਲੋਂ ਸ਼੍ਰੇਅਸ ਅੱਈਅਰ ਤੇ ਸੰਜੂ ਸੈਮਸਨ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 28 ਦੌੜਾਂ ਅਤੇ 2 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਵਲੋਂ ਮੈਕਰੋ ਜੈਨਸਨ ਅਤੇ ਬਿਜੋਨ ਫ਼ੌਰਚਿਉਨ ਨੇ 1-1 ਵਿਕਟ ਲਈ।
ਦੱਖਣੀ ਅਫ਼ਰੀਕਾ ਵਲੋਂ ਹੈਨਰਿਕ ਕਲਾਸੈਨ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਭਾਰਤ ਵਲੋਂ ਵਾਸ਼ਿੰਗਟਨ ਸੁੰਦਰ ਨੇ 2, ਮੁਹੰਮਦ ਸਿਰਾਜ਼ ਨੇ 2, ਸ਼ਾਹਬਾਜ਼ ਅਹਿਮਦ ਨੇ 2 ਅਤੇ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ।