ਸ਼੍ਰੀਨਗਰ: ਹਿਜਬੁੱਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੁਕਾਬਲੇ ਵਿੱਚ ਹੋਈ ਮੌਤ ਤੋਂ ਬਾਅਦ ਪੁਲਵਾਮਾ, ਅਨੰਤਨਾਗ ਤੇ ਸ੍ਰੀਨਗਰ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਘਾਟੀ ਵਿੱਚ ਤਣਾਅ ਨੂੰ ਵੇਖਦੇ ਹੋਏ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਇਸ ਕਰਕੇ ਬਹੁਤ ਸਾਰੇ ਯਾਤਰੀ ਜੰਮੂ ਬੇਸਕੈਂਪ ‘ਤੇ ਫਸੇ ਹੋਏ ਹਨ। ਰੇਲ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਬੁਰਹਾਨ ਦੇ ਐਨਕਾਊਂਟਰ ਤੋਂ ਬਾਅਦ ਘਾਟੀ ਵਿੱਚ ਦੇਰ ਰਾਤ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਦੀਆਂ ਵੀ ਖਬਰਾਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਰਾਤ ਹੀ ਹੁਰੀਅਤ ਦੇ ਕਈ ਵੱਡੇ ਨੇਤਾਵਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਜੋ ਉਹ ਬੁਰਹਾਨ ਦੀ ਮੌਤ ਦੇ ਵਿਰੋਧ ਵਿੱਚ ਰੈਲੀ ਨਾ ਕੱਢ ਸਕਣ। ਹਿਜਬੁਲ ਦੇ ਪੋਸਟਰ ਬੁਆਏ ਬੁਰਹਾਨ ਨੂੰ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਤੇ ਰਾਸ਼ਟਰੀ ਰਾਈਫਲ ਦੇ ਜਵਾਨਾਂ ਨੇ ਮਾਰ ਗਿਰਾਇਆ ਸੀ।















