ਅਦਾਕਾਰਾ ਆਲੀਆ ਭੱਟ ਨੇ ਆਪਣੀ ਪਹਿਲੀ ਹੌਲੀਵੁਡ ਫ਼ਿਲਮ ਦੀ ਸ਼ੂਟਿੰਮ ਮੁਕੰਮਲ ਕਰ ਲਈ ਹੈ। ਟੌਮ ਹਾਰਪਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਲਈ ਅਦਾਕਾਰਾ ਯੌਰਪ ਗਈ ਹੋਈ ਹੈ ਜਿਥੋਂ ਉਸ ਨੇ ਫ਼ਿਲਮ ਦੇ ਅਮਲੇ ਅਤੇ ਸਹਿ ਕਲਾਕਾਰਾਂ ਨਾਲ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ‘ਚੋਂ ਇੱਕ ਤਸਵੀਰ ‘ਚ ਆਲੀਆ ਨੇ ਅਦਾਕਾਰਾ ਗੈਲ ਗਦੋਟ ਨੂੰ ਜੱਫ਼ੀ ਪਾਈ ਹੋਈ ਹੈ। ਹਾਰਟ ਔਫ਼ ਸਟੋਨ ਦੇ ਕੰਮ ਦੇ ਨਾ-ਭੁੱਲਣਯੋਗ ਤਜਰਬੇ ‘ਬਾਰੇ ਆਲੀਆ ਨੇ ਇੱਕ ਪੱਤਰ ਵੀ ਲਿਖਿਆ ਹੈ। ਅਦਾਕਾਰਾ ਨੇ ਆਖਿਆ, ”ਹਾਰਟ ਔਫ਼ ਸਟੋਨ – ਮੇਰਾ ਦਿਲ ਤੁਹਾਡੇ ਕੋਲ ਹੈ। ਸ਼ੁਕਰੀਆ ਮੇਰੀ ਪਿਆਰੀ ਗੈਲ ਗਦੋਟ, ਨਿਰਦੇਸ਼ਕ ਟੌਮ ਹਾਰਪਰ … ਜੈਮੀ ਡੋਰਮੈਨ ਤੁਹਾਨੂੰ ਅੱਜ ਬਹੁਤ ਯਾਦ ਕੀਤਾ। ਮੈਂ ਤੁਹਾਡੇ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਹਮੇਸ਼ਾਂ ਸ਼ੁਕਰਗ਼ੁਜ਼ਾਰ ਰਹਾਂਗੀ। ਮੈਂ ਤੁਹਾਨੂੰ ਫ਼ਿਲਮ ‘ਚ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦੀ।”
ਇੱਕ ਪਾਸੇ ਜਿਥੇ ਆਲੀਆ ਆਪਣੀ ਫ਼ਲਮ ਦੀ ਸ਼ੂਟਿੰਗ ਮੁਕੰਮਲ ਹੋਣ ਨੂੰ ਲੈ ਕੇ ਖ਼ੁਸ਼ ਹੈ, ਉਥੇ ਹੀ ਉਹ ਰਣਬੀਰ ਕੋਲ ਪਰਤਣ ਲਈ ਵੀ ਉਤਾਵਲੀ ਹੈ। ਇਸ ਮੌਕੇ ਗੈਲ ਗਦੋਟ ਨੇ ਵੀ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਆਲੀਆ ਦੀ ਤਸਵੀਰ ਸਾਂਝੀ ਕਰਦਿਆਂ ਉਸ ਨੂੰ ਬਾਕਮਾਲ ਹੁਨਰ ਅਤੇ ਬਿਹਤਰੀਨ ਇਨਸਾਨ ਦੱਸਿਆ ਹੈ। ਜ਼ਿਕਰਯੋਗ ਹੈ ਕਿ ਨੈੱਟਫ਼ਲਿਕਸ ਲਈ ਤਿਆਰ ਕੀਤਾ ਗਿਆ ਆਲੀਆ ਦਾ ਪਹਿਲਾਂ ਪ੍ਰੌਜੈਕਟ ਡਾਰਲਿੰਗਜ਼ ਵੀ 5 ਅਗਸਤ ਨੂੰ ਰੀਲੀਜ਼ ਕੀਤਾ ਜਾ ਰਿਹਾ ਹੈ। ਇਸ ਗੰਭੀਰ ਕੌਮੇਡੀ ‘ਚ ਵਿਜੈ ਵਰਮਾ ਤੇ ਸ਼ੈਫ਼ਾਲੀ ਸ਼ਾਹ ਵੀ ਦਿਖਾਈ ਦੇਣਗੇ। ਇਸ ਦੇ ਨਾਲ ਹੀ ਆਲੀਆ ਰਣਬੀਰ ਨਾਲ ਅਯਾਨ ਮੁਖਰਜੀ ਦੀ ਬ੍ਰਹਮਾਸਤਰ ‘ਚ ਵੀ ਦਿਖਾਈ ਦੇਵੇਗੀ। ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।











