ਮੀਂਹ ਨੇ ਕੀਤੇ ਮੰਦੇ ਹਾਲ, ਗੁਜਰਾਤ ਦੇ ਕਈ ਹਿੱਸਿਆਂ ’ਚ ਹੜ੍ਹ, PM ਮੋਦੀ ਨੇ ਦਿੱਤਾ ਮਦਦ ਦਾ ਭਰੋਸਾ

ਅਹਿਮਦਾਬਾਦ– ਅਹਿਮਦਾਬਾਦ ਸਮੇਤ ਗੁਜਰਾਤ ਦੇ ਦੱਖਣੀ ਅਤੇ ਮੱਧ ਹਿੱਸਿਆਂ ’ਚ ਸਥਿਤ ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਹਿੱਸਿਆਂ ’ਚ ਪਿਛਲੇ 24 ਘੰਟਿਆਂ ’ਚ ਮੋਹਲੇਧਾਰ ਮੀਂਹ ਪੈਣ ਨਾਲ ਹੇਠਲੇ ਇਲਾਕਿਆਂ ’ਚ ਹੜ੍ਹ ਆ ਗਿਆ ਹੈ। ਕਰੀਬ 6,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਇਕ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਜਾਣਕਾਰੀ ਮੁਤਾਬਕ ਮੀਂਹ ਪੈਣ ਕਾਰਨ ਪੰਚਾਇਤੀ ਸੜਕਾਂ ਸਮੇਤ 388 ਰਸਤੇ ਬੰਦ ਹੋ ਗਏ, ਜਿਨ੍ਹਾਂ ਨੂੰ ਆਵਾਜਾਈ ਲਈ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਜਰਾਤ ’ਚ ਮੀਂਹ ਮਗਰੋਂ ਬਣੇ ਹੜ੍ਹ ਦੇ ਹਾਲਾਤ ਨੂੰ ਵੇਖਦੇ ਹੋਏ ਐਨ. ਡੀ. ਆਰ. ਐਫ. ਦੀਆਂ 13 ਟੀਮਾਂ ਅਤੇ ਸੂਬਾ ਆਫ਼ਤ ਮੋਚਨ ਬਲ (ਐਸ. ਡੀ. ਆਰ. ਐਫ.) ਦੀਆਂ 16 ਟੀਮਾਂ ਬਚਾਅ ਮੁਹਿੰਮ ਦੇ ਕੰਮ ਵਿਚ ਜੁਟੀਆਂ ਹੋਈਆਂ ਹਨ। 13 ਬੰਨ੍ਹਾਂ ਨੂੰ ‘ਹਾਈ ਅਲਰਟ’ ’ਤੇ ਅਤੇ 8 ਨੂੰ ‘ਅਲਰਟ’ ’ਤੇ ਰੱਖਿਆ ਗਿਆ ਹੈ ਕਿਉਂਕਿ ਮੋਹਲੇਧਾਰ ਮੀਂਹ ਕਾਰਨ ਉਨ੍ਹਾਂ ’ਚ ਪਾਣੀ ਦਾ ਪੱਧਰ ਵੱਧ ਗਿਆ ਹੈ।
ਪਿਛਲੇ 24 ਘੰਟਿਆਂ ‘ਚ ਸਵੇਰੇ 6 ਵਜੇ ਤੱਕ ਬੋਡੇਲੀ ਤਾਲੁਕਾ ‘ਚ 549 ਮਿਲੀਮੀਟਰ ਅਤੇ ਛੋਟਾ ਉਦੈਪੁਰ ਜ਼ਿਲ੍ਹੇ ਦੇ ਕਵਾਂਤ ਤਾਲੁਕਾ ‘ਚ 432 ਮਿਲੀਮੀਟਰ ਮੀਂਹ ਪਿਆ, ਜਿਸ ਕਾਰਨ ਕਈ ਇਲਾਕਿਆਂ ‘ਚ ਪਾਣੀ ਦਾਖਲ ਹੋ ਗਿਆ। ਜ਼ਿਲ੍ਹੇ ਵਿਚ ਉੱਚ ਅਤੇ ਹੇਰਾਨ ਨਦੀਆਂ ਉਫਾਨ ’ਤੇ ਹਨ, ਜਿਸ ਕਾਰਨ ਹੇਠਲੇ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ। ਇਕ ਅਧਿਕਾਰੀ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 5,245 ਲੋਕਾਂ ਨੂੰ ਕੱਢਿਆ ਗਿਆ ਅਤੇ 350 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ।