ਜਲਾਲਾਬਾਦ/ਚੰਡੀਗੜ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬੇ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਐਸਵਾਈਐਲ ਮੁੱਦੇ ‘ਤੇ ਪੰਜਾਬ ਦੇ ਹਿੱਤਾਂ ਦਾ ਪੱਖ ਪੂਰਿਆ ਜਾਵੇਗਾ ਕਿਉਂ ਕਿ ਪਾਣੀ ਪੰਜਾਬ ਦੀ ਕਿਰਸਾਨੀ ਦੀ ਜਿੰਦ-ਜਾਨ ਹੈ।
ਇੱਥੇ ਦੋ ਦਿਨਾਂ ਸੰਗਤ ਦਰਸ਼ਨ ਦੇ ਆਖਰੀ ਦਿਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਇਸ ਲਈ ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਪੰਜਾਬ ਸਰਕਾਰ ਆਪਣੀ ਪ੍ਰਤੀਬੱਧਤਾ ਪਹਿਲਾ ਵੀ ਪ੍ਰਗਟਾ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਿਚ ਗੜਬੜੀ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਅਜਿਹੇ ਤੱਤਾਂ ਨੂੰ ਮੂੰਹਤੋੜਵਾਂ ਜਵਾਬ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਗੜਬੜੀ ਫੈਲਾਉਣ ਵਾਲਿਆਂ ਨੂੰ ਕਿਸੇ ਕੀਮਤ ‘ਤੇ ਨਹੀਂ ਬਖਸ਼ ਰਹੀ ਅਤੇ ਅਜਿਹੇ ਗੈਰ-ਸਮਾਜੀ ਤੱਤਾਂ ਨਾਲ ਸਖਤੀ ਨਾਲ ਨਜਿੱਠ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਬਣੀ ਹੈ ਉਦੋਂ-ਉਦੋਂ ਹੀ ਸੂਬੇ ਦਾ ਚਹੁੰਮੁਖੀ ਵਿਕਾਸ ਹੋਇਆ ਹੈ ਅਤੇ ਪੰਜਾਬ ਦੇ ਲੋਕਾਂ ਵੱਲੋਂ ਵੀ ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਸਦਕਾ ਅਕਾਲੀ-ਭਾਜਪਾ ਸਰਕਾਰ ਸੂਬੇ ਵਿਚ ਲਗਾਤਾਰ ਤੀਜੀ ਅਤੇ ਕੁੱਲ ਛੇਵੀਂ ਵਾਰ ਸਰਕਾਰ ਬਣਾਏਗੀ।
ਇਸ ਤੋਂ ਪਹਿਲਾਂ ਉਨ੍ਹਾਂ ਜਲਾਲਾਬਾਦ ਹਲਕੇ ਦੇ ਪਿੰਡਾਂ ਚੱਕ ਜਾਨੀਸਰ, ਚੱਕ ਖੜੁੰਜ, ਜਾਨੀਸਰ, ਚੱਕ ਸੁਹੇਲੇਵਾਲਾ, ਲੱਧੂਵਾਲਾ ਉਤਾੜ, ਪੱਕਾ ਕਾਲੇਵਾਲਾ, ਚੱਕ ਢਾਬ ਖੁਸ਼ਹਾਲ ਜੋਈਆਂ, ਜੰਡਵਾਲਾ, ਅਰਨੀਵਾਲਾ, ਚੱਕ ਅਰਨੀਵਾਲਾ, ਬੱਲੂਆਣਾ ਅਤੇ ਕਮਰੇਵਾਲਾ ਵਿਖੇ ਸੰਗਤ ਦਰਸ਼ਨ ਕੀਤੇ। ਉਨ੍ਹਾਂ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਲੋਕਾਂ ਵੱਲੋਂ ਦੱਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਸ. ਬਾਦਲ ਨੇ ਇਲਾਕੇ ਦੀਆਂ ਸਿੰਜਾਈ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਇਕ ਨਵੀਂ ਨਹਿਰ ਸੂਹੇਲੇਵਾਲਾ ਬਣਾਉਣ ਦਾ ਐਲਾਨ ਕੀਤਾ ਜਦਕਿ ਪਿੰਡਾਂ ਦੇ ਕਮਿਊਨਿਟੀ ਹਾਲ, ਖੇਡ ਮੈਦਾਨ, ਛੱਪੜ ਅਤੇ ਸ਼ਮਸ਼ਾਨ ਘਾਟਾਂ ਲਈ ਕਰੋੜਾਂ ਦੀਆਂ ਗ੍ਰਾਂਟਾਂ ਦਿੱਤੀਆਂ।
ਇਸ ਤੋਂ ਇਲਾਵਾ ਸ. ਸੁਖਬੀਰ ਸਿੰਘ ਬਾਦਲ ਨੇ ਚੱਕ ਢਾਬ ਖੁਸ਼ਹਾਲ ਜੋਈਆਂ, ਚੱਕ ਢਾਬ ਖੁਸ਼ਹਾਲ ਜੋਈਆਂ-1, ਚੱਕ ਅਰਨੀਵਾਲਾ ਅਤੇ ਅਰਨੀਵਾਲਾ ਪਿੰਡਾਂ ਵਿਚ ਪੱਕੀਆਂ ਗਲੀਆਂ ਅਤੇ ਸੌ ਫੀਸਦੀ ਸਾਫ ਪੀਣ ਵਾਲੇ ਪਾਣੀ ਸਬੰਧੀ ਨੀਂਹ ਪੱਥਰ ਵੀ ਰੱਖੇ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ. ਗੁਰਤੇਜ ਸਿੰਘ ਘੁੜਿਆਣਾ, ਹਲਕਾ ਇੰਚਾਰਜ ਜਲਾਲਾਬਾਦ ਸ.ਸਤਿੰਦਰਜੀਤ ਸਿੰਘ ਮੰਟਾ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, ਡੀ.ਆਈ.ਜੀ. ਸ.ਰਣਬੀਰ ਸਿੰਘ ਖੱਟੜਾ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ. ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਰਵਿੰਦ ਕੁਮਾਰ, ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਪੰਜਾਬ ਐਗਰੋ ਦੇ ਉਪ ਚੇਅਰਮੈਨ ਸ਼੍ਰੀ ਅਸ਼ੋਕ ਅਨੇਜਾ, ਵਰਦੇਵ ਸਿੰਘ ਨੋਨੀ ਮਾਨ, ਵਿਜੈ ਲਕਸ਼ਮੀ ਭਾਦੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਵਲੇਚਾ, ਭਾਜਪਾ ਆਗੂ ਦਰਸ਼ਨ ਵਧਵਾ, ਅਕਾਲੀ ਆਗੂ ਟਿੱਕਣ ਪਰੂਥੀ, ਸ.ਜੈਸਰਤ ਸਿੰਘ ਸੰਧੂ, ਸ. ਦਵਿੰਦਰ ਸਿੰਘ ਬੱਬਲ, ਸ. ਲਖਵਿੰਦਰ ਸਿੰਘ ਰੋਹੀਵਾਲਾ, ਸ਼੍ਰੀ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਸ. ਸੁਖਦੇਵ ਸਿੰਘ ਠੇਠੀ, ਸ. ਹਰਜੀਤ ਸਿੰਘ ਹੀਰਾ, ਸ੍ਰੀ ਅਨਿਲ ਵਲੇਚਾ, ਮਾਸਟਰ ਬਲਵਿੰਦਰ ਸਿੰਘ ਗੁਰਾਇਆ ਬਿਜਲੀ ਬੋਰਡ ਦੇ ਚੇਅਰਮੈਨ, ਜਗਸੀਰ ਸਿੰਘ ਬੱਬੂ ਟੱਰਕ ਯੂਨੀਅਨ ਪ੍ਰਧਾਨ, ਹਾਕਮ ਚੰਦ ਸਰਪੰਚ ਮੰਨੇਵਾਲਾ ਜ਼ਿਲ੍ਹਾ ਪ੍ਰਧਾਨ ਬੀ.ਸੀ.ਸੈੱਲ, ਗੁਰਵੈਦ ਸਿੰਘ ਕਾਠਗੜ, ਬੂੜ ਸਿੰਘ ਚੇਅਰਮੈਨ ਮਾਰਕੀਟ ਕਮੇਟੀ,ਹਰਪਾਲ ਸਿੰਘ ਸੰਧੂ, ਬੱਬੂ ਜੈਮਲਵਾਲਾ ਆਦਿ ਵੀ ਹਾਜਰ ਸਨ।















