ਚੰਡੀਗੜ੍ਹ- ਪੰਜਾਬ ਵਿੱਚ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹੁਣ ਇੱਕ ਤੋਂ ਬਾਅਦ ਇੱਕ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਚੱਲ ਰਹੇ ਹਨ। ਇਸ ਵਿਚਾਲੇ ਰੋਪੜ੍ਹ ਦੀ ਅਦਾਲਤ ਵੱਲੋਂ ਝਗੜੇ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਸੁਣਾਏ ਜਾਣ ਵਾਲੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ.ਬਲਬੀਰ ਸਿੰਘ ਦੇ ਸੰਬੰਧ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਕ ਬਿਆਨ ਦਿੱਤਾ ਹੈ । ਸੰਧਵਾਂ ਨੇ ਕਿਹਾ ਹੈ ਕਿ ਬਲਬੀਰ ਸਿੰਘ ਜੇਕਰ ਜਲਦ ਹੀ ਸੈਸ਼ਨ ਕੋਰਟ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ਨਹੀਂ ਕਰਦੇ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ।ਇਸ ਦੇ ਨਾਲ ਹੀ ਉਹਨਾਂ ਦੀ ਵਿਧਾਇਕੀ ਦੇ ਨਾਲ ਨਾਲ ਪਾਰਟੀ ਮੈਂਬਰਸ਼ਿਪ ਵੀ ਜਾ ਸਕਦੀ ਹੈ। ਦੋ ਸਾਲ ਤੋਂ ਵੱਧ ਦੀ ਕੈਦ ਕਾਰਨ ਉਹ ਵਿਧਾਇਕ ਬਣੇ ਰਹਿਣ ਦੇ ਯੋਗ ਨਹੀਂ ਹਨ। ਦੱਸ ਦਈਏ ਕਿ 2011 ਵਿੱਚ ਡਾਕਟਰ ਬਲਬੀਰ ਸਿੰਘ ਖ਼ਿਲਾਫ਼ ਝਗੜੇ ਦਾ ਕੇਸ ਦਰਜ ਹੋਇਆ ਸੀ।ਇਸ ਮਾਮਲੇ ਵਿੱਚ ਰੋਪੜ੍ਹ ਅਦਾਲਤ ਨੇ ਉਸਨੂੰ ਹੋਰਨਾਂ ਸਮੇਤ 3 ਸਾਲ ਦੀ ਸਜਾ ਸੁਣਾਈ ਹੈ। ਦੱਸ ਦਈਏ ਕਿ ਭਾਰਤ ਵਿੱਚ ਕੋਈ ਵੀ ਵਿਅਕਤੀ ਜਿਸਨੂੰ 2 ਜਾਂ 2 ਤੋਂ ਵੱਧ ਸਾਲ ਦੀ ਸਜਾ ਸੁਣਾਈ ਗਈ ਹੋਵੇ ਕਿਸੇ ਵੀ ਸਿਆਸੀ ਆਹੁਦੇ ਤੇ ਨਹੀਂ ਰਹਿ ਸਕਦਾ ਅਤੇ ਨਾ ਹੀ ਚੋਣ ਲੜ ਸਕਦਾ ਹੈ।















