ਸਰਕਾਰੀ ਗੱਡੀਆਂ ‘ਚ ਤਸਕਰੀ ਦੇ ਦੋਸ਼ਾਂ ‘ਤੇ ਸੁਖਬੀਰ ਜਵਾਬ ਦੇਣ : ਚੰਨੀ

9ਚੰਡੀਗੜ੍ਹ : ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਆਪਣੇ ਸਾਥੀਆਂ ਵੱਲੋਂ ਲਗਾਏ ਦੋਸ਼ਾਂ ਕਿ ਨਸ਼ਿਆਂ ਦੀ ਤਸਕਰੀ ਲਾਲ ਬੱਤੀਆਂ ਵਾਲੀਆਂ ਗੱਡੀਆਂ ‘ਚ ਹੋ ਰਹੀ ਹੈ, ਜਿਨ੍ਹਾਂ ਨੂੰ ਪੁਲਿਸ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ, ਲਈ ਜਵਾਬ ਦੇਣ ਵਾਸਤੇ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ ਕਿਸੇ ਹੋਰ ਨੇ ਨਹੀਂ, ਸਗੋਂ ਮੁੱਖ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਲਗਾਏ ਹਨ ਅਤੇ ਇਨ੍ਹਾਂ ਨੂੰ ਪੰਜਾਬ ਤੇ ਪੰਜਾਬੀਆਂ ਦਾ ਅਕਸ ਖ਼ਰਾਬ ਕਰਨ ਵਾਲਾ ਏਜੰਡਾ ਦੱਸ ਕੇ ਉਹ ਝੁਠਲਾ ਨਹੀਂ ਸਕਦੇ। ਜਿਹੜੀ ਸਿਹਤ ਵਿਭਾਗ ਨਾਲ ਜੁੜੀ ਹਨ ਤੇ ਤੁਹਾਡੀ ਹੀ ਸਰਕਾਰ ਦਾ ਹਿੱਸਾ ਹਨ। ਹਾਲਾਂÎਕਿ ਇਹ ਵੱਖਰਾ ਮੁੱਦਾ ਹੈ ਕਿ ਉਹ ਅਕਾਲੀ ਦਲ ਦੀ ਗਠਜੋੜ ਸਾਂਝੇਦਾਰ ਭਾਜਪਾ ਨਾਲ ਸਬੰਧ ਰੱਖਦੀ ਹਨ। ਜਦਕਿ ਸੁਖਬੀਰ ਗ੍ਰਹਿ ਮੰਤਰੀ ਵੀ ਹਨ ਤੇ ਜਵਾਬ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਇਸ ਲੜੀ ਹੇਠ ਚੰਨੀ ਨੇ ਲਾਲ ਬੱਤੀਆਂ ਦਾ ਇਸਤੇਮਾਲ ਕਰਨ ਵਾਲਿਆਂ ਵੱਲੋਂ ਕਾਲਾ ਧੰਨ ਇਕੱਠਾ ਕਰਨ ਸਬੰਧੀ ਦੋਸ਼ਾਂ ਦਾ ਜ਼ਿਕਰ ਕਰਦਿਆਂ ਇਸਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਵੀ ਚੁਣੌਤੀ ਦੱਸਿਆ ਹੈ। ਬਾਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇੰਨੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਸਿੱਧੂ ਸਰਕਾਰ ਦਾ ਹਿੱਸਾ ਕਿਵੇਂ ਬਣੀ ਹੋਈ ਹਨ।
ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਹਰ ਵਾਰ ਬਾਰਡਰ ਪਾਰ ਤਸਕਰੀ ਦਾ ਦੋਸ਼ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਜੋ ਬਾਰਡਰ ਏਰੀਏ ‘ਚ ਪੁਲਿਸ ਨਾਲ ਮਿਲੀਭੁਗਤ ਤੋਂ ਬਗੈਰ ਮੁਮਕਿਨ ਨਹੀਂ ਹੈ। ਇਸੇ ਕਾਰਨ ਉਨ੍ਹਾਂ ਨੇ ਬਾਦਲ ਨੂੰ ਸਵਾਲ ਕੀਤਾ ਹੈ ਕਿ ਕਿਉਂ ਬਾਰਡਰ ਏਰੀਏ ‘ਚ ਪੁਲਿਸ ਸਟੇਸ਼ਨਾਂ ਲਈ ਪੋਸਟਿੰਗ ਬਹੁਤ ਮਹਿੰਗੀ ਹੈ।
ਵਿਰੋਧੀ ਧਿਰ ਦੇ ਲੀਡਰ ਨੇ ਜ਼ਿਕਰ ਕੀਤਾ ਕਿ ਇਕ ਵਾਰ ਭਾਜਪਾ ਮੁਖੀ ਅਮਿਤ ਸ਼ਾਹ ਨੇ ਵੀ ਇਹ ਮੁੱਦਾ ਚੁੱਕਿਆ ਸੀ, ਪਰ ਦਬਾਅ ਹੇਠ ਉਨ੍ਹਾਂ ਨੂੰ ਪੈਰ ਪਿੱਛੇ ਖਿੱਚਣੇ ਪਏ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਨਿਕਲਦਾ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ‘ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਸਬੰਧੀ ਛੱਪੀਆਂ ਖ਼ਬਰਾਂ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਬਾਅਦ ਇਸ ਗੁਨਾਹ ਸਬੰਧੀ ਹੋਰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ।