ED ਦੀ ਰੇਡ ਨੂੰ ਲੈ ਕੇ ਰਾਘਵ ਚੱਢਾ ਨੇ CM ਚੰਨੀ ’ਤੇ ਉਠਾਏ ਵੱਡੇ ਸਵਾਲ

ਚੰਡੀਗੜ੍ਹ – ED ਦੀ ਰੇਡ ਦੌਰਾਨ ਬਰਾਮਦ ਹੋਏ ਪੈਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਘਰ ਅਤੇ ਹੋਰ ਥਾਵਾਂ ’ਤੇ ED ਵਲੋਂ ਬੀਤੇ ਦਿਨ ਰੇਡ ਮਾਰੀ ਗਈ ਸੀ, ਜਿਸ ਦੌਰਾਨ 10 ਕਰੋੜ ਰੁਪਏ ਬਰਾਮਦ ਹੋਏ ਹਨ। ਕਰੋੜਾਂ ਰੁਪਏ ਦੇ ਨਾਲ-ਨਾਲ ਵੱਡੀ ਮਾਤਰਾ ’ਚ ਸੋਨੇ ਦੇ ਗਹਿਣੇ ਅਤੇ ਕਾਗਜ਼ਾਤ ਵੀ ਬਰਾਮਦ ਹੋਏ ਹਨ।
ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਦੱਸ ਦੇਣ ਕਿ ਉਨ੍ਹਾਂ ਦੇ ਪਰਿਵਾਰ ’ਚ ਹੋਰ ਕੌਣ-ਕੌਣ ਹੈ, ਜਿਸ ਕੋਲ ਇੰਨ੍ਹੇ ਪੈਸੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 111 ਦਿਨਾਂ ’ਚ ਮੁੱਖ ਮੰਤਰੀ ਚੰਨੀ ਨੇ ਕਰੋੜਾਂ ਰੁਪਏ ਕਮਾਏ ਹਨ, ਜੋ ਉਨ੍ਹਾਂ ਨੇ ਆਪਣੇ ਰਿਸ਼੍ਤੇਦਾਰਾਂ ਦੇ ਘਰ ਰੱਖਵਾ ਦਿੱਤੇ। 111 ਦਿਨਾਂ ’ਚ ਕਰੋੜਾ ਰੁਪਏ ਕਮਾ ਕੇ ਚੰਨੀ ਨੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਿੱਛੇ ਛੱਡ ਦਿੱਤਾ। ਰਾਘਵ ਚੱਢਾ ਨੇ ਕਿਹਾ ਕਿ ਚੰਨੀ ਅਜੇ ਸਿਰਫ਼ 111 ਦਿਨ ਪੰਜਾਬ ਦੇ ਮੁੱਖ ਮੰਤਰੀ ਬਣੇ, ਜੇਕਰ ਉਹ 5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਤਾਂ ਉਹ ਕਿੰਨੇ ਪੈਸੇ ਕਮਾਉਂਦੇ?
ਰਾਘਵ ਚੱਢਾ ਨੇ ਕਿਹਾ ਕਿ ਜੇਕਰ ED ਅਰਵਿੰਦ ਕੇਜਰੀਵਾਲ ਦੇ ਘਰ ਰੇਡ ਮਾਰਨ ਜਾਵੇ ਤਾਂ ਉਥੋ 10 ਮਫਲਰ ਬਾਹਰ ਨਿਕਲਣੇ। ਰਾਘਵ ਚੱਢਾ ਨੇ ਕਿਹਾ ਕਿ ਰੇਡ ਮਾਰਨ ’ਤੇ ਚੰਨੀ ਦੇ ਇਕ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ ਹਨ, ਜੇਕਰ ਚੰਨੀ ਦੇ ਘਰ ਰੇਡ ਮਾਰੀ ਜਾਵੇ ਤਾਂ ਕਿੰਨੇ ਕਰੋੜ ਬਰਾਮਦ ਹੋਣਗੇ? ਇਸ ਗੱਲ ਦਾ ਅੰਦਾਜ਼ਾ ਲੋਕ ਲੱਗਾ ਸਕਦੇ ਹਨ।