ਲਖਨਊ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰਵਾਰ ਨੂੰ ਕਿਸਾਨ ਦਿਵਸ ਮੌਕੇ ਕਿਸਾਨਾਂ ਦੀ ਖ਼ੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਇਸ ਟੀਚੇ ਨੂੰ ਪਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਈਮਾਨਦਾਰ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਪਿਛਲੀ ਸਰਕਾਰ ਸਿਰਫ਼ ਗੱਲਾਂ ਹੀ ਕਰਦੀ ਰਹੀ। ਯੋਗੀ ਨੇ ਇੱਥੇ ਆਯੋਜਿਤ ਕਿਸਾਨ ਦਿਵਸ ਸਮਾਰੋਹ ‘ਚ ਕਿਸਾਨਾਂ, ਖੇਤੀ ਉੱਦਮੀਆਂ ਅਤੇ ਖੇਤੀ ਵਿਗਿਆਨੀਆਂ ਨੂੰ ਸਨਮਾਨ ਕਰਦੇ ਹੋਏ ਕਿਹਾ,”ਹਰ ਕਿਸਾਨ ਦਾ ਸਨਮਾਨ ਹੋਵੇ, ਅੰਨਦਾਤਾ ਖ਼ੁਸ਼ੀ ਨਾਲ ਅੱਗੇ ਵਧ ਸਕੇ। ਕਿਸਾਨਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗੱਲ ਤਾਂ ਸਾਰਿਆਂ ਨੇ ਕੀਤੀ ਪਰ ਇਸ ਨੂੰ ਈਮਾਨਦਾਰੀ ਨਾਲ ਲਾਗੂ ਕਰਨ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ।”
ਯੋਗੀ ਨੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਮੋਦੀ ਸਰਕਾਰ ਦੇ ਮੁੱਖ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 2018 ‘ਚ ਫ਼ਸਲਾਂ ਦੀ ਲਾਗਤ ਡੇਢ ਗੁਣਾ ਸਮਰਥਨ ਮੁੱਲ ਯਕੀਨੀ ਕਰਨ ਦੀ ਵਿਵਸਥਾ ਨੂੰ ਲਾਗੂ ਕਰਨ ਦਾ ਕੰਮ ਮੋਦੀ ਸਰਕਾਰ ਨੇ ਹੀ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਲਿਆਣ ਲਈ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਫ਼ੈਸਲਿਆਂ ਨੂੰ ਉੱਤਰ ਪ੍ਰਦੇਸ਼ ‘ਚ ਵੀ ਭਾਜਪਾ ਸਰਕਾਰ ਨੇ ਪੂਰੀ ਈਮਾਨਦਾਰੀ ਨਾਲ ਲਾਗੂ ਕੀਤਾ। ਯੋਗੀ ਨੇ ਕਿਹਾ,”ਜਦੋਂ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੰਮ ਕਰਦੀ ਹੈ ਤਾਂ ਅਜਿਹੇ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਉਂਦੇ ਹਨ।” ਯੋਗੀ ਨੇ ਕਿਹਾ,”ਪਹਿਲਾਂ ਕਿਸਾਨ ਕਰਜ਼ ਦੇ ਬੋਝ ਹੇਠਾਂ ਇੰਨੇ ਦੱਬ ਜਾਂਦੇ ਸਨ ਕਿ ਉਨ੍ਹਾਂ ਦੇ ਸਾਹਮਣੇ ਖ਼ੁਦਕੁਸ਼ੀ ਹੀ ਇਕਮਾਤਰ ਬਦਲ ਬਚ ਜਾਂਦਾ ਸੀ ਪਰ 2017 ‘ਚ ਜਦੋਂ ਉੱਤਰ ਪ੍ਰਦੇਸ਼ ‘ਚ ਸਾਡੀ ਸਰਕਾਰ ਬਣੀ ਤਾਂ ਅਸੀਂ ਕਰਜ਼ ਮੁਆਫ਼ੀ ਕਰ ਕੇ ਉਨ੍ਹਾਂ ਕਿਸਾਨਾਂ ਦਾ ਬੋਝ ਹਲਕਾ ਕੀਤਾ।” ਉੱਤਰ ਪ੍ਰਦੇਸ਼ ‘ਚ ਗੰਨਾ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੂਬਾ ਸਰਕਾਰ ਦੇ ਕ੍ਰਾਂਤੀਕਾਰੀ ਕੰਮਾਂ ਦਾ ਜ਼ਿਕਰ ਕਰਦੇ ਹੋਏ ਯੋਗੀ ਨੇ ਕਿਹਾ,”ਅੱਜ ਜਦੋਂ ਅਸੀਂ ਚੌਧਰੀ ਸਾਹਿਬ ਦੀ 119ਵੀਂ ਜਯੰਤੀ ਦੇ ਪ੍ਰੋਗਰਾਮ ‘ਚ ਇੱਥੇ ਆਏ ਹਾਂ ਤਾਂ ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੈ ਕਿ ਚੌਧਰੀ ਸਾਹਿਬ ਦੀ ਕਰਮਭੂਮੀ ‘ਤੇ ਚੀਨੀ ਮਿਲ ਦੀ ਮੰਗ ਪਿਛਲੇ 30 ਸਾਲਾਂ ਤੋਂ ਹੋ ਰਹੀ ਸੀ। ਖ਼ਸਤਾ ਹਾਲ ਚੀਨੀ ਮਿਲਾਂ ਨੂੰ ਠੀਕ ਕਰਾਉਣ ਦੀ ਮੰਗ ਹੋ ਰਹੀ ਸੀ। ਕਿਸਾਨ ਪਰੇਸ਼ਾਨ ਸਨ, ਪਿਛਲੀਆਂ ਸਰਕਾਰਾਂ ਨਹੀਂ ਕਰ ਸਕਦੀਆਂ ਪਰ ਸਾਡੀ ਸਰਕਾਰ ਨੇ ਰਮਾਲਾ ‘ਚ ਇਕ ਚੀਨੀ ਮਿਲ ਲਗਾ ਕੇ ਕਿਸਾਨਾਂ ਦੇ ਜੀਵਨ ‘ਚ ਤਬਦੀਲੀ ਲਿਆਉਣ ਦਾ ਕੰਮ ਕੀਤਾ ਹੈ।”















