T-20 ਵਿਸ਼ਵ ਕੱਪ 2021 ਦੀ ICC ਟੀਮ ‘ਚ ਕਿਸੇ ਭਾਰਤੀ ਖਿਡਾਰੀ ਨੂੰ ਨਹੀਂ ਮਿਲੀ ਜਗ੍ਹਾ

ਦੁਬਈ – ICC ਨੇ ਪੁਰਸ਼ T-20 ਵਿਸ਼ਵ ਕੱਪ 2021 ਦੀ ਆਪਣੀ ਟੀਮ ਐਲਾਨ ਕਰ ਦਿੱਤੀ ਹੈ, ਪਰ ਇਸ ਟੀਮ ‘ਚ ਕਿਸੇ ਵੀ ਭਾਰਤੀ ਕ੍ਰਿਕਟਰ ਦਾ ਨਾਂ ਨਹੀਂ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ICC ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਦਰਅਸਲ T-20 ਵਿਸ਼ਵ ਕੱਪ 2021 ਦੇ ਖ਼ਤਮ ਹੋਣ ਤੋਂ ਬਾਅਦ ICC ਨੇ ਟੂਰਨਾਮੈਂਟ ਦੀ ਟੀਮ ਦਾ ਐਲਾਨ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਟੀਮ ‘ਚ ਇੱਕ ਵੀ ਭਾਰਤੀ ਖਿਡਾਰੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਦਾ ਕਾਰਨ ਭਾਰਤੀ ਟੀਮ ਦਾ ਵਿਸ਼ਵ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਰਿਹਾ।
ਭਾਰਤੀ ਟੀਮ ਸੈਮੀਫ਼ਾਈਨਲ ਤਕ ਵੀ ਨਹੀਂ ਪਹੁੰਚ ਸਕੀ। ਭਾਰਤੀ ਕ੍ਰਿਕਟਰਾਂ ਨੇ ਅਫ਼ਗ਼ਾਨਿਸਤਾਨ, ਸਕੌਟਲੈਂਡ ਅਤੇ ਨਾਮੀਬੀਆ ਜਿਹੀਆਂ ਛੋਟੀਆਂ ਟੀਮਾਂ ਵਿਰੁੱਧ ਆਖਰੀ ਤਿੰਨ ਮੈਚਾਂ ‘ਚ ਜ਼ਰੂਰ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਇਹ ਉਨ੍ਹਾਂ ਨੂੰ ICC ਦੀ ਟੂਰਨਾਮੈਂਟ ਦੀ ਟੀਮ ‘ਚ ਸ਼ਾਮਿਲ ਦੇ ਕਾਬਿਲ ਨਹੀਂ ਬਣਾ ਸਕਿਆ। ਇੱਥੋਂ ਤਕ ਕਿ ਦੱਖਣੀ ਅਫ਼ਰੀਕਾ ਅਤੇ ਸ਼੍ਰੀ ਲੰਕਾ ਵਰਗੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਂ ਵੀ ICC ਦੀ ਟੀਮ ‘ਚ ਸ਼ਾਮਿਲ ਹਨ।
ICC ਨੇ ਟੂਰਨਾਮੈਂਟ ਦੀ ਆਪਣੀ ਟੀਮ ਦਾ ਕਪਤਾਨ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਬਣਾਇਆ ਹੈ। ਉਸ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਚੈਂਪੀਅਨ ਆਸਟਰੇਲੀਆ, ਉੱਪ ਜੇਤੂ ਨਿਊ ਜ਼ੀਲੈਂਡ, ਸੈਮੀਫ਼ਾਈਨਲ ਲਿਸਟ ਇੰਗਲੈਂਡ ਅਤੇ ਪਾਕਿਸਤਾਨ ਦੇ ਨਾਲ-ਨਾਲ ਸ਼੍ਰੀ ਲੰਕਾ ਅਤੇ ਦੱਖਣੀ ਅਫ਼ਰੀਕਾ ਦੇ ਖਿਡਾਰੀ ICC ਦੀ ਪੁਰਸ਼ਾਂ ਦੀ T-20 ਵਿਸ਼ਵ ਕੱਪ ਟੀਮ ‘ਚ ਸ਼ਾਮਿਲ ਹਨ। ਪਹਿਲੀ ਵਾਰ ਚੈਂਪੀਅਨ ਬਣੇ ਆਸਟਰੇਲੀਆ ਵਲੋਂ ਸਲਾਮੀ ਬੱਲੇਬਾਜ਼ ਅਤੇ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਡੇਵਿਡ ਵਾਰਨਰ, ਲੈੱਗ ਸਪਿਨਰ ਐਡਮ ਜ਼ੈਂਪਾ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਵਾਰਨਰ ਨੇ 48.16 ਦੀ ਔਸਤ ਨਾਲ ਟੂਰਨਾਮੈਂਟ ‘ਚ ਕੁੱਲ 289 ਦੌੜਾਂ (ਦੂਜਾ ਟੌਪ ਸਕੋਰਰ) ਬਣਾਈਆਂ। ਉਸ ਨੇ ਆਸਟਰੇਲੀਆ ਨੂੰ ਆਪਣਾ ਪਹਿਲਾ ICC ਪੁਰਸ਼ T-20 ਵਿਸ਼ਵ ਕੱਪ ਦਾ ਖ਼ਿਤਾਬ ਜਿਤਾਉਣ ‘ਚ ਇੱਕ ਅਹਿਮ ਭੂਮਿਕਾ ਨਿਭਾਈ।
ਟੀਮ ਇਸ ਪ੍ਰਕਾਰ ਹੈ: ਡੇਵਿਡ ਵਾਰਨਰ (ਆਸਟਰੇਲੀਆ), ਜੋਸ ਬਟਲਰ (ਵਿਕਟਕੀਪਰ, ਇੰਗਲੈਂਡ), ਬਾਬਰ ਆਜ਼ਮ (ਕਪਤਾਨ, ਪਾਕਿਸਤਾਨ), ਚਰਿਤ ਅਸਲੰਕਾ (ਸ਼੍ਰੀ ਲੰਕਾ), ਐਡਨ ਮਾਰਕਰਮ (ਦੱਖਣੀ ਅਫ਼ਰੀਕਾ), ਮੋਇਨ ਅਲੀ (ਇੰਗਲੈਂਡ), ਵਨਿੰਦੂ ਹਸਾਰੰਗਾ (ਸ਼੍ਰੀ ਲੰਕਾ), ਐਡਮ ਜ਼ੈਂਪਾ (ਆਸਟਰੇਲੀਆ), ਜੋਸ਼ ਹੇਜ਼ਲਵੁੱਡ (ਆਸਟਰੇਲੀਆ), ਟ੍ਰੈਂਟ ਬੋਲਟ (ਨਿਊ ਜ਼ੀਲੈਂਡ), ਐਨਰਿਚ (ਦੱਖਣੀ ਅਫ਼ਰੀਕਾ)। 12ਵਾਂ ਖਿਡਾਰੀ ਸ਼ਾਹੀਨ ਅਰੀਫ਼ਦੀ (ਪਾਕਿਸਤਾਨ)।