ਥੀਏਟਰ ਨੂੰ ਕ੍ਰਿਕਟ ਸਟੇਡੀਅਮ ‘ਚ ਬਦਲ ਦੇਵੇਗੀ ਫ਼ਿਲਮ ’83

ਅਦਾਕਾਰ ਤਾਹਿਰ ਰਾਜ ਭਸੀਨ ਦੀ ਫ਼ਿਲਮ ’83 ਦੀ ਰੀਲੀਜ਼ ਤਾਰੀਖ਼ ਤੈਅ ਹੋ ਗਈ ਹੈ। ਕਬੀਰ ਖ਼ਾਨ ਦੇ ਡਾਇਰੈਕਸ਼ਨ ਹੇਠ ਬਣੀ ਇਸ ਫ਼ਿਲਮ ‘ਚ ਰਣਵੀਰ ਸਿੰਘ ਮੁੱਖ ਭੂਮਿਕਾ ‘ਚ ਹੈ, ਅਤੇ ਇਸ ਫ਼ਿਲਮ ਨੂੰ 24 ਦਸੰਬਰ ਨੂੰ ਰੀਲੀਜ਼ ਕੀਤਾ ਜਾਵੇਗਾ। ਇਹ ਵਕਤ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦਾ ਇੱਕ ਵੱਡਾ ਮੌਕਾ ਹੁੰਦਾ ਹੈ। ਇਸ ਫ਼ਿਲਮ ‘ਚ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੀ ਭੂਮਿਕਾ ਨਿਭਾਉਣ ਵਾਲੇ ਤਾਹਿਰ ਕਹਿੰਦੈ, ”ਮੈਂ ਫ਼ਿਲਮ ’83 ਦੇ ਸਿਨੇਮਾਘਰਾਂ ‘ਚ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਹੁਣ ਫ਼ਿਲਮ ’83 ਦੇ ਪ੍ਰਚਾਰ ਦਾ ਸਮਾਂ ਆ ਗਿਆ ਹੈ ਕਿਉਂਕਿ ਇਹ ਫ਼ਿਲਮ ਥੀਏਟਰ ਨੂੰ ਇੱਕ ਕ੍ਰਿਕਟ ਸਟੇਡੀਅਮ ‘ਚ ਬਦਲ ਦੇਵੇਗੀ। ਜਿਸ ਤਰ੍ਹਾਂ ਅਸੀਂ ਸਟੇਡੀਅਮ ‘ਚ ਭਾਰਤ ਦੀ ਜਿੱਤ ਲਈ ਅਰਦਾਸ ਅਤੇ ਦੁਆਵਾਂ ਕਰਦੇ ਹਾਂ, ਉਹੋ ਜਿਹਾ ਹੀ ਮਾਹੌਲ ਥੀਏਟਰਜ਼ ‘ਚ ਵੀ ਨਜ਼ਰ ਆਵੇਗਾ।”
ਇਹ ਫ਼ਿਲਮ ਭਾਰਤ ਦੀ 1893 ਦੇ ਵਿਸ਼ਵ ਕੱਪ ਦੀ ਜਿੱਤ ‘ਤੇ ਆਧਾਰਿਤ ਹੈ। ਭਾਰਤੀ ਕ੍ਰਿਕਟ ਟੀਮ ਦੀ ਪਹਿਲੀ ਵਰਲਡ ਕੱਪ ਜਿੱਤ ‘ਤੇ ਬਣੀ ਫ਼ਿਲਮ ’83 ‘ਚ ਰਣਵੀਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ‘ਚ ਰਣਵੀਰ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੇ ਕਿਰਦਾਰ ‘ਚ ਨਜ਼ਰ ਆਵੇਗਾ।
ਜ਼ਿਕਰਯੋਗ ਹੈ ਕਿ ਫ਼ਿਲਮ ’83 ‘ਪਿਛਲੇ ਸਾਲ ਹੀ ਰਿਲੀਜ਼ ਹੋਣ ਵਾਲੀ ਸੀ, ਪਰ ਕੋਰੋਨਾਵਾਇਰਸ ਅਤੇ ਤਾਲਾਬੰਦੀ ਦੇ ਚੱਲਦੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ।