ਨਵੀਂ ਦਿੱਲੀ: ਭਾਰਤੀ ਪੁਰਸ਼ ਹਾਕੀ ਟੀਮ 10 ਤੋਂ 17 ਜੂਨ ਤੱਕ ਲੰਦਨ ‘ਚ ਚੱਲਣ ਵਲੀ ਐੱਫ਼.ਆਈ.ਐੱਚ. ਚੈਂਪੀਅਨਜ਼ ਟਰਾਫ਼ੀ ‘ਚ ਹਿੱਸਾ ਲਵੇਗੀ। ਭਾਰਤੀ ਪੁਰਸ਼ ਹਾਕੀ ਟੀਮ ਦੀ ਚੋਣ ਕਮੇਟੀ ਨੇ ਸਰਦਾਰ ਸਿੰਘ ਅਤੇ ਚੋਟੀ ਦੇ ਡ੍ਰੈਗ ਫ਼ਲਿਕਰ ਰੁਪਿੰਦਰ ਪਾਲ ਸਿੰਘ ਨੂੰ ਆਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਰੀਓ ਓਲੰਪਿਕ ਤੋਂ ਪਹਿਲਾਂ ਇਹ ਭਾਰਤ ਦਾ ਅਖੀਰਲਾ ਟੂਰਨਾਮੈਂਟ ਹੋਵੇਗਾ ਅਤੇ ਸਰਦਾਰ ਨੂੰ ਆਰਾਮ ਦੇਣ ਦਾ ਫ਼ੈਸਲਾ ਕੁਝ ਸੀਨੀਅਰਾਂ ਨੂੰ ਇਸ ਮਹਾ ਕੁੰਭ ਦੇ ਲਈ ਤਰੋਤਾਜ਼ਾ ਰੱਖਣ ਦੇ ਮਕਸਦ ਨਾਲ ਕੀਤਾ ਗਿਆ ਹੈ। ਹਾਕੀ ਇੰਡੀਆ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਪੱਤਰਕਾਰਾਂ ਨੂੰ ਕਿਹਾ, ”ਪਹਿਲਾਂ ਹੀ ਫ਼ੈਸਲਾ ਹੋ ਗਿਆ ਸੀ ਕਿ ਸਰਦਾਰ ਨੂੰ ਚੈਂਪੀਅਨ ਟ੍ਰਾਫ਼ੀ ਦੇ ਲਈ ਆਰਾਮ ਦਿੱਤਾ ਜਾਵੇਗਾ ਕਿਉਂਕਿ ਉਹ ਕੁਝ ਸਮੇਂ ਤੋਂ ਲਗਾਤਾਰ ਖੇਡ ਰਿਹਾ ਹੈ।” ਉਹ ਅਜ਼ਲਾਨ ਸ਼ਾਹ ‘ਚ ਖੇਡਿਆ, ਜਿਸ ‘ਚ ਸ਼੍ਰੀਜੇਸ਼ ਨੂੰ ਆਰਾਮ ਦਿੱਤਾ ਗਿਆ ਸੀ। ਇੱਥੇ ਟੀਮ ਦੀ ਅਗਵਾਈ ਸ਼੍ਰੀਜੇਸ਼ ਕਰ ਰਿਹਾ ਹੈ ਅਤੇ ਸਰਦਾਰ ਨੂੰ ਜ਼ਰੂਰੀ ਆਰਾਮ ਦਿੱਤਾ ਗਿਆ ਹੈ।”
ਉਨ੍ਹਾਂ ਕਿਹਾ, ”ਇਸ ਦਾ ਮਤਲਬ ਇਹ ਹੈ ਕਿ ਕੋਚ (ਰੋਲੈਂਟ ਓਲਟਮੈਂਸ) ਕੁਝ ਨੌਜਵਾਨਾਂ ਨੂੰ ਆਜ਼ਮਾ ਸਕਦੇ ਹਨ ਅਤੇ ਅੰਦਾਜ਼ਾ ਲਗਾ ਸਕਦੇ ਹਨ ਕਿ ਸਾਡੇ ਕੋਲ ਕਿੰਨਾ ਸਰਵਸ਼੍ਰੇਸ਼ਠ ਸੰਭਾਵੀ ਸੰਯੋਜਨ ਹੈ।” ਐੱਸ.ਵੀ. ਸੁਨੀਲ ਟੀਮ ਦੇ ਉਪ ਕਪਤਾਨ ਹੋਣਗੇ ਜਿਸ ‘ਚ ਵੀ. ਆਰ. ਰਘੂਨਾਥ, ਕੋਥਾਜੀਤ ਸਿੰਘ, ਐੱਸ. ਕੇ. ਉੱਥਪਾ, ਅਕਸ਼ਦੀਪ ਸਿੰਘ ਸ਼ਾਮਲ ਹਨ।












