ਅੱਠ ਵਿਕਟਾਂ ਨਾਲ ਹਾਰਿਆ ਭਾਰਤ ਤੀਜਾ T-20

ਅਹਿਮਦਾਬਾਦ – ਮਾਰਕ ਵੁਡ ਦੀ ਅਗਵਾਈ ‘ਚ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜੀ ਜੋਸ ਬਟਲਰ ਦੇ ਤੂਫ਼ਾਨੀ ਅਰਧ ਸੈਂਕੜੇ ਨਾਲ ਇੰਗਲੈਂਡ ਨੇ ਤੀਜੇ T-20 ਕੌਮਾਂਤਰੀ ਕ੍ਰਿਕਟ ਮੈਚ ‘ਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦੀ ਬੜ੍ਹਤ ਬਣਾ ਲਈ। ਭਾਰਤ ਨੇ ਕਪਤਾਨ ਵਿਰਾਟ ਕੋਹਲੀ (46 ਗੇਂਦਾਂ ‘ਤੇ ਅਜੇਤੂ 77) ਦੀ ਦਮਦਾਰ ਪਾਰੀ ਦੀ ਬਦੌਲਤ 6 ਵਿਕਟਾਂ ‘ਤੇ 156 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ‘ਚ ਇੰਗਲੈਂਡ ਨੇ ਬਟਲਰ (52 ਗੇਂਦਾਂ ‘ਤੇ ਅਜੇਤੂ 83 ਦੌੜਾਂ) ਦੀ T-20 ਕੌਮਾਂਤਰੀ ਕ੍ਰਿਕਟ ਦੀ ਸਰਵਸ੍ਰੇਸ਼ਠ ਪਾਰੀ ਨਾਲ 18.2 ਓਵਰਾਂ ‘ਚ ਦੋ ਵਿਕਟਾਂ ‘ਤੇ 158 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰ ਲਈ।
ਬਟਲਰ ਨੇ ਡੇਵਿਡ ਮਲਾਨ (18) ਦੇ ਨਾਲ ਦੂਜੀ ਵਿਕਟ ਲਈ 58 ਅਤੇ ਜਾਨੀ ਬੇਅਰਸਟੋ (28 ਗੇਂਦਾਂ ‘ਤੇ ਅਜੇਤੂ 40) ਨਾਲ ਤੀਜੀ ਵਿਕਟ ਲਈ 77 ਦੌੜਾਂ ਦੀ ਅਜੇਤੂ ਸਾਂਝੇਦਾਰੀ ਵੀ ਕੀਤੀ। ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫ਼ੈਸਲਾ ਕੀਤਾ। ਜੋਫ਼ਰਾ ਆਰਚਰ ਦੇ ਦੂਜੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਰੋਹਿਤ ਸ਼ਰਮਾ ਲੱਕੀ ਰਿਹਾ ਜਦੋਂ ਇਸ ਤੇਜ ਗੇਂਦਬਾਜ ਨੇ ਆਪਣੀ ਹੀ ਗੇਂਦ ‘ਤੇ ਉਸ ਦਾ ਕੈਚ ਛੱਡ ਦਿੱਤਾ। ਪਹਿਲੇ ਦੋ ਮੈਚਾਂ ‘ਚ ਸਿਰਫ਼ ਇੱਕ ਦੌੜ ਬਣਾਉਣ ਵਾਲਾ ਲੋਕੇਸ਼ ਰਾਹੁਲ ਇੱਕ ਵਾਰ ਫ਼ਿਰ ਅਸਫ਼ਲ ਰਿਹਾ ਅਤੇ ਖਾਤਾ ਖੋਲ੍ਹੇ ਬਿਨਾਂ ਵੁਡ ਦੀ ਗੇਂਦ ‘ਤੇ ਬੋਲਡ ਹੋ ਗਿਆ।
ਪਾਰੀ ਦਾ ਪਹਿਲਾ ਚੌਕਾ ਚੌਥੇ ਓਵਰ ‘ਚ ਲੱਗਾ ਜਦੋਂ ਆਰਚਰ ਦੀ ਗੇਂਦ ਰੋਹਿਤ ਦੇ ਬੱਲੇ ਦਾ ਕਿਨਾਰਾ ਲੈ ਕੇ ਚਾਰ ਦੌੜਾਂ ਲਈ ਚਲੀ ਗਈ। ਰੋਹਿਤ ਨੇ ਵੁਡ ਦੇ ਅਗਲੇ ਓਵਰ ‘ਚ ਵੀ ਚੌਕਾ ਲਾਇਆ, ਪਰ ਇਸ ਤੇਜ ਗੇਂਦਬਾਜ਼ ਦੀ ਗੇਂਦ ‘ਤੇ ਸ਼ਾਟ ਫ਼ਾਈਨਲ ਲੈੱਗ ‘ਤੇ ਆਰਚਰ ਨੂੰ ਆਸਾਨ ਕੈਚ ਦੇ ਬੈਠਾ। ਉਸ ਨੇ ਕੇਵਲ 15 ਦੌੜਾਂ ਬਣਾਈਆਂ।