ਕੰਮ ਨਾ ਮਿਲਣ ਕਾਰਨ ਬੌਬੀ ਦਿਓਲ ਦੇ ਬੱਚੇ ਵੀ ਸੋਚਣ ਲੱਗੇ ਸਨ ਇਹ ਗੱਲਾਂ

ਬੌਲੀਵੁਡ ਦਾ ਦਿੱਗਜ ਅਦਾਕਾਰ ਬੌਬੀ ਦਿਓਲ ਇੱਕ ਵਾਰ ਮੁੜ ਤੋਂ ਆਪਣੇ ਕਰੀਅਰ ‘ਚ ਇੱਕ ਚੰਗੇ ਮੁਕਾਮ ‘ਤੇ ਹੈ। ਉਨ੍ਹਾਂ ਨੂੰ ਹਾਲ ਹੀ ‘ਚ ਬਹੁ-ਚਰਚਿਤ ਵੈੱਬ ਸੀਰੀਜ਼ ਆਸ਼ਰਮ ਲਈ ਦਾਦਾ ਸਾਹਿਬ ਫ਼ਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਬੌਬੀ ਦਿਓਲ ਨੂੰ ਆਪਣੇ ਕਰੀਅਰ ‘ਚ ਕਈ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਬੌਬੀ ਕੋਲ ਬੌਲੀਵੁਡ ‘ਚ ਕੰਮ ਵੀ ਘੱਟ ਸੀ। ਉਸ ਦਾ ਉਹ ਖ਼ਰਾਬ ਦੌਰ ਸੀ।
ਹੁਣ ਬੌਬੀ ਦਿਓਲ ਨੇ ਆਪਣੇ ਕਰੀਅਰ ਦੇ ਖ਼ਰਾਬ ਦੌਰ ਨੂੰ ਲੈ ਕੇ ਢੇਰ ਸਾਰੀਆਂ ਗੱਲਾਂ ਕੀਤੀਆਂ ਹਨ। ਬੌਬੀ ਨੇ ਦੱਸਿਆ ਕਿ ਜਦੋਂ ਉਹ ਹਰ ਸਮੇਂ ਘਰ ‘ਚ ਰਹਿੰਦੇ ਸਨ ਤਾਂ ਉਨ੍ਹਾਂ ਦੇ ਬੱਚੇ ਇਹ ਸੋਚਣ ਲੱਗੇ ਸਨ ਕਿ ਉਨ੍ਹਾਂ ਦੇ ਪਿਤਾ ਕੁੱਝ ਨਹੀਂ ਕਰਦੇ। ਇਹ ਗੱਲ ਬੌਬੀ ਦਿਓਲ ਨੇ ਅੰਗਰੇਜ਼ੀ ਵੈੱਬਸਾਈਟ ਬੌਲੀਵੁਡ ਲਾਈਫ਼ ਨੂੰ ਦਿੱਤੇ ਆਪਣੇ ਇੱਕ ਵੀਡੀਓ ਇੰਟਰਵਿਊ ‘ਚ ਆਖੀ ਹੈ। ਉਸ ਨੇ ਆਪਣੀ ਜ਼ਿੰਦਗੀ ਦੇ ਅਹਿਮ ਮੋੜ ਨੂੰ ਲੈ ਕੇ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿਹੜਾ ਸਮਾਂ ਉਨ੍ਹਾਂ ਦੀ ਜੰਿਦਗੀ ‘ਚ ਅਹਿਮ ਸੀ।
ਬੌਬੀ ਦਿਓਲ ਨੇ ਕਿਹਾ, ”ਮੇਰੀ ਜੰਿਦਗੀ ਦਾ ਟਰਨਿੰਗ ਪੁਆਇੰਟ ਉਹ ਸੀ ਜਦੋਂ ਮੈਂ ਘਰ ‘ਚ ਖ਼ਾਲੀ ਬੈਠਾ ਹੁੰਦਾ ਸੀ, ਅਤੇ ਮੇਰੇ ਬੱਚੇ ਵੀ ਹੈਰਾਨ ਸਨ ਕਿ ਪਿਤਾ ਹਮੇਸ਼ਾ ਘਰ ‘ਤੇ ਹੀ ਕਿਉਂ ਰਹਿੰਦੇ ਹਨ। ਇਹ ਉਹ ਪਲ ਸੀ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਅਸਲ ‘ਚ ਸਖ਼ਤ ਮਿਹਨਤ ਕਰਨੀ ਹੈ। ਇਸ ਇੰਡਸਟਰੀ ‘ਚ ਆਉਣ ਵਾਲੇ ਸਾਰੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਇੰਡਸਟਰੀ ‘ਚ ਟਿਕੇ ਰਹਿਣਾ ਬਹੁਤ ਸੌਖਾ ਨਹੀਂ ਹੈ। ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਖ਼ੁਦ ‘ਤੇ ਭਰੋਸਾ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਅੰਦਰ ਉਹ ਗੱਲ ਹੈ ਤਾਂ ਯਕੀਨ ਮੰਨੋ ਸਫ਼ਲਤਾ ਜਰੂਰ ਮਿਲੇਗੀ। ‘ਬੌਬੀ ਕਹਿੰਦੇ ਹਨ ਕਿ ਇਹੀ ਸਭ ਉਨ੍ਹਾਂ ਨੇ ਸਿੱਖਿਆ ਹੈ।
ਦਾਦਾ ਸਾਹਿਬ ਫ਼ਾਲਕੇ ਐਵਾਰਡ ਹਾਸਿਲ ਕਰਨ ‘ਤੇ ਬੌਬੀ ਦਿਓਲ ਨੇ ਆਪਣੀ ਖ਼ੁਸ਼ੀ ਜਾਹਿਰ ਕੀਤੀ। ਉਨ੍ਹਾਂ ਅੱਗੇ ਕਿਹਾ, ”ਇਹ ਸਭ ਮੇਰੇ ਪ੍ਰਸ਼ੰਸਕਾਂ ਦੀ ਵਜ੍ਹਾ ਕਾਰਨ ਹੈ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਅਤੇ ਉਨ੍ਹਾਂ ਦੀ ਵਜ੍ਹਾ ਕਾਰਨ ਇਹ ਸੰਭਵ ਹੋ ਸਕਿਆ। ਉਨ੍ਹਾਂ ਨੇ ਮੇਰੀ ਮਿਹਨਤ ਦੇਖੀ ਆਸ਼ਰਮ ‘ਚ ਮੇਰਾ ਕੰਮ ਦੇਖਿਆ। ਮੈਂ ਸੋਚਦਾ ਹਾਂ ਕਿ ਇੱਕ ਕਲਾਕਾਰ ਦੇ ਤੌਰ ‘ਤੇ ਮੇਰੇ ਕੰਮ ‘ਚ ਵੇਰੀਏਸ਼ਨ ਹੈ। ਆਸ਼ਰਮ ਨੂੰ ਕਾਫ਼ੀ ਪਿਆਰ ਮਿਲਿਆ ਹੈ। ਮੈਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਉਸ ਦਾ ਮੈਂ ਬਹੁਤ ਧੰਨਵਾਦੀ ਹਾਂ। ਮੈਂ ਜਦੋਂ ਆਸ਼ਰਮ ਕਰ ਰਿਹਾ ਸੀ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਐਵਾਰਡ ਮਿਲੇਗਾ ਜਾਂ ਐਵਾਰਡ ਲਈ ਕੰਮ ਕਰ ਰਿਹਾ ਹਾਂ।”