ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰ ਦਿੱਤਾ ਗਿਆ। ਮਨਪ੍ਰੀਤ ਦੇ ਬਜਟ ਪੇਸ਼ ਕਰਨ ਤੋਂ ਬਾਅਦ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਅਕਾਲੀ ਦਲ ਦੇ ਵਿਧਾਇਕਾਂ ਦੀ ਵਿਧਾਨ ਸਭਾ ’ਚੋਂ ਮੁਅੱਤਲੀ ਵੀ ਰੱਦ ਕਰ ਦਿੱਤੀ ਗਈ। ਸਪੀਕਰ ਦੇ ਐਲਾਨ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਿਧਾਇਕ ਬਜਟ ਇਜਲਾਸ ਦੀ ਬਾਕੀ ਬਚੀ ਦੋ ਦਿਨ ਦੀ ਕਾਰਵਾਈ ਵਿਚ ਹਿੱਸਾ ਲੈ ਸਕਣਗੇ।
ਵਿਧਾਨ ਸਭਾ ਸਪੀਕਰ ਵਲੋਂ ਅਕਾਲੀ ਵਿਧਾਇਕਾਂ ਨੂੰ ਸ਼ੁੱਕਰਵਾਰ ਉਸ ਸਮੇਂ ਵਿਧਾਨ ਸਭਾ ’ਚੋਂ ਮੁਅੱਤਲ ਕੀਤਾ ਗਿਆ ਸੀ, ਜਦੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਅਕਾਲੀਆਂ ਵਲੋਂ ਸ਼ੋਰ-ਸ਼ਰਾਬਾ ਕੀਤਾ ਗਿਆ ਸੀ। ਇਸ ਦੌਰਾਨ ਸਪੀਕਰ ਵਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਅਦ ਵੀ ਜਦੋਂ ਅਕਾਲੀ ਆਪਣੀਆਂ ਸੀਟਾਂ ’ਤੇ ਨਹੀਂ ਬੈਠੇ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਾਰੇ ਬਜਟ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਸਪੀਕਰ ਦੇ ਹੁਕਮ ਤੋਂ ਬਾਅਦ ਮਾਰਸ਼ਲਾਂ ਵਲੋਂ ਅਕਾਲੀ ਵਿਧਾਇਕਾਂ ਨੂੰ ਸਦਨ ’ਚੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਜਦੋਂ ਸਪੀਕਰ ਵਲੋਂ ਅਕਾਲੀ ਵਿਧਾਇਕਾਂ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ ਤਾਂ ਲਿਹਾਜ਼ਾ ਹੁਣ ਉਹ ਵਿਧਾਨ ਸਭਾ ਦੀ ਦੋ ਦਿਨ ਦੀ ਬਾਕੀ ਬਚੀ ਮੰਗਲਵਾਰ ਅਤੇ ਬੁੱਧਵਾਰ ਕਾਰਵਾਈ ਵਿਚ ਹਿੱਸਾ ਲੈ ਸਕਣਗੇ।