ਵਨ ਡੇ ਕ੍ਰਿਕਟ ‘ਚ ਰਾਸ਼ਿਦ ਖ਼ਾਨ ਦਾ ਵੱਡਾ ਕਾਰਨਾਮਾ, ਹਾਸਿਲ ਕੀਤੀ ਇਹ ਉਪਲੱਬਧੀ

ਨਵੀਂ ਦਿੱਲੀ – ਆਇਰਲੈਂਡ ਵਿਰੁੱਧ ਤੀਜੇ ਵਨ ਡੇ ਮੈਚ ‘ਚ ਅਫ਼ਗ਼ਾਨਿਸਤਾਨ ਦੇ ਦਿੱਗਜ ਰਾਸ਼ਿਦ ਖ਼ਾਨ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਾਸ਼ਿਦ ਏਸ਼ੀਆ ਦਾ ਤੀਜਾ ਸਭ ਤੋਂ ਤੇਜ਼ ਖਿਡਾਰੀ ਬਣ ਗਿਐ ਜਿਸ ਨੇ ਵਨ ਡੇ ਕ੍ਰਿਕਟ ‘ਚ 1,000 ਦੌੜਾਂ ਅਤੇ 100 ਵਿਕਟਾਂ ਹਾਸਿਲ ਕਰਨ ਦਾ ਡਬਲ ਧਮਾਕਾ ਕੀਤਾ ਹੈ। ਰਾਸ਼ਿਦ ਨੇ ਇਹ ਕਾਰਨਾਮਾ ਕੇਵਲ 74ਵੇਂ ਵਨ ਡੇ ਮੈਚ ‘ਚ ਕਰ ਦਿਖਾਇਆ। ਏਸ਼ੀਆ ਵਲੋਂ ਵਨ ਡੇ ‘ਚ ਅਜਿਹਾ ਸਭ ਤੋਂ ਤੇਜ਼ ਕਰਨ ਦਾ ਕਾਰਨਾਮਾ ਪਾਕਿਸਤਾਨ ਦੇ ਅਬਦੁੱਲ ਰੱਜ਼ਾਕ ਦੇ ਨਾਂ ਹੈ। ਰੱਜ਼ਾਕ ਨੇ 69 ਮੈਚਾਂ ‘ਚ ਇਹ ਕਰ ਦਿਖਾਇਆ ਸੀ। ਉੱਥੇ ਹੀ ਭਾਰਤ ਦੇ ਇਰਫ਼ਾਨ ਪਠਾਨ ਨੇ ਵਨ ਡੇ ਕ੍ਰਿਕਟ ‘ਚ 1, 000 ਦੌੜਾਂ ਅਤੇ 100 ਵਿਕਟਾਂ 72ਵੇਂ ਮੈਚ ‘ਚ ਪੂਰੀਆਂ ਕੀਤੀਆਂ ਸਨ।

ਵਨ ਡੇ ‘ਚ ਸਭ ਤੋਂ ਤੇਜ਼ ਇੱਕ ਹਜ਼ਾਰ ਦੌੜਾਂ ਅਤੇ ਸੌ ਵਿਕਟਾਂ ਹਾਸਿਲ ਕਰਨ ਵਾਲੇ ਰਾਸ਼ਿਦ ਸਾਂਝੇ ਤੌਰ ‘ਤੇ ਛੇਵਾਂ ਖਿਡਾਰੀ ਬਣ ਗਿਐ। ਆਇਰਲੈਂਡ ਵਿਰੁੱਧ ਤੀਜੇ ਵਨ ਡੇ ਦੌਰਾਨ ਰਾਸ਼ਿਦ ਨੇ ਆਪਣੇ ਵਨ ਡੇ ਕਰੀਅਰ ‘ਚ 1, 000 ਦੌੜਾਂ ਪੂਰੀਆਂ ਕਰਨ ‘ਚ ਸਫ਼ਲ ਰਹੇ। ਤੀਜੇ ਵਨ ਡੇ ‘ਚ ਰਾਸ਼ਿਦ ਨੇ 40 ਗੇਂਦਾਂ ‘ਤੇ 48 ਦੌੜਾਂ ਦੀ ਪਾਰੀ ਖੇਡੀ। ਜਿਸ ‘ਚ 3 ਚੌਕੇ ਅਤੇ 3 ਛੱਕੇ ਸ਼ਾਮਿਲ ਸਨ। ਰਾਸ਼ਿਦ ਨੇ 120 ਦੇ ਸਟ੍ਰਾਈਕ ਰੇਟ ਦੇ ਨਾਲ ਦੌੜਾਂ ਬਣਾਉਣ ਦਾ ਕਮਾਲ ਇਸ ਮੈਚ ‘ਚ ਕਰ ਦਿਖਾਇਆ।