ਇੰਗਲੈਂਡ ਨੇ ਸ਼੍ਰੀ ਲੰਕਾ ਨੂੰ ਉਸੇ ਦੇ ਘਰ ‘ਚ ਕੀਤਾ ਕਲੀਨ ਸਵੀਪ

ਗਾਲੇ – ਔਫ਼ ਸਪਿਨਰ ਡੋਮਿਨਿਕ ਬੇਸ ਅਤੇ ਲੈੱਫ਼ਟ ਆਰਮ ਸਪਿਨਰ ਜੈਕ ਲੀਚ ਨੇ 4-4 ਵਿਕਟਾਂ ਤੇ ਡੋਮਿਨਿਕ ਸਿਬਲੇ (ਅਜੇਤੂ 56) ਅਤੇ ਜੋਸ ਬਟਲਰ (ਅਜੇਤੂ 46) ਦੀ ਟਰਨ ਲੈਂਦੀ ਪਿੱਚ ‘ਤੇ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਸ਼੍ਰੀ ਲੰਕਾ ਨੂੰ ਦੂਜੇ ਅਤੇ ਆਖ਼ਰੀ ਟੈੱਸਟ ਮੈਚ ਦੇ ਚੌਥੇ ਦਿਨ ਛੇ ਵਿਕਟਾਂ ਨਾਲ ਹਰਾ ਕੇ ਸੀਰੀਜ਼ ਨੂੰ 2-0 ਨਾਲ ਕਲੀਨ ਸਵੀਪ ਕਰ ਲਿਆ। ਇੰਗਲੈਂਡ ਨੂੰ ਇਸ ਸੀਰੀਜ ਜਿੱਤ ਤੋਂ ICC ਟੈੱਸਟ ਚੈਂਪੀਅਨਸ਼ਿਪ ‘ਚ 120 ਅੰਕ ਹਾਸਿਲ ਹੋਏ।
ਇੰਗਲੈਂਡ ਨੇ ਸ਼੍ਰੀ ਲੰਕਾ ਨੂੰ ਦੂਜੀ ਪਾਰੀ ‘ਚ ਸਿਰਫ਼ 126 ਦੌੜਾਂ ‘ਤੇ ਢੇਰ ਕਰ ਦਿੱਤਾ ਜਿਸ ਨਾਲ ਉਸ ਨੂੰ ਜਿੱਤ ਲਈ 164 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਆਪਣੀਆਂ 4 ਵਿਕਟਾਂ 89 ਦੌੜਾਂ ‘ਤੇ ਗੁਆ ਦਿੱਤੀਆਂ ਸਨ, ਪਰ ਸਿਬਲੇ ਅਤੇ ਬਟਲਰ ਨੇ ਪੰਜਵੀਂ ਵਿਕਟ ਲਈ 75 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਟੀਮ ਨੂੰ ਚੌਥੇ ਦਿਨ ਹੀ ਜਿੱਤ ਦਿਵਾ ਦਿੱਤੀ। ਇੰਗਲੈਂਡ ਨੇ 43.3 ਓਵਰਾਂ ‘ਚ 4 ਵਿਕਟਾਂ ‘ਤੇ 164 ਦੌੜਾਂ ਬਣਾ ਕੇ ਸੀਰੀਜ ਆਪਣੇ ਨਾਂ ਕੀਤੀ।
ਇੰਗਲੈਂਡ ਨੇ ਸਵੇਰੇ ਕੱਲ੍ਹ ਦੀਆਂ ਨੌਂ ਵਿਕਟਾਂ ‘ਤੇ 339 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਹਿਲੀ ਪਾਰੀ 344 ਦੌੜਾਂ ‘ਤੇ ਖ਼ਤਮ ਹੋਈ। ਲੈੱਫ਼ਟ ਆਰਮ ਸਪਿਨਰ ਲਸਿਤ ਐਂਬੂਲਡੇਨੀਆ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦੇ ਹੋਏ 42 ਓਵਰਾਂ ‘ਚ 137 ਦੌੜਾਂ ਦੇ ਕੇ 7 ਵਿਕਟਾਂ ਹਾਸਿਲ ਕੀਤੀਆਂ। ਸ਼੍ਰੀ ਲੰਕਾ ਨੂੰ ਇਸ ਤਰ੍ਹਾਂ ਪਹਿਲੀ ਪਾਰੀ ‘ਚ 37 ਦੌੜਾਂ ਦੀ ਬੜ੍ਹਤ ਮਿਲੀ। ਸ਼੍ਰੀ ਲੰਕਾ ਨੇ ਪਹਿਲੀ ਪਾਰੀ ‘ਚ 381 ਦੌੜਾਂ ਬਣਾਈਆਂ ਸਨ।
ਮੇਜ਼ਬਾਨ ਟੀਮ ਨੇ ਦੂਜੀ ਪਾਰੀ ‘ਚ ਟਰਨ ਲੈਂਦੀ ਪਿੱਚ ‘ਤੇ ਇੰਗਲੈਂਡ ਦੇ ਔਫ਼ ਸਪਿਨਰ ਡੋਮਿਨਿਕ ਬੇਸ ਅਤੇ ਲੈੱਫ਼ਟ ਆਰਮ ਸਪਿਨਰ ਜੈਕ ਲੀਚ ਦੇ ਕਹਿਰ ਦੇ ਸਾਹਮਣੇ ਗੋਢੇ ਟੇਕ ਦਿੱਤੇ। ਸ਼੍ਰੀ ਲੰਕਾ ਦੀਆਂ 8 ਵਿਕਟਾਂ ਤਾਂ ਸਿਰਫ਼ 78 ਦੌੜਾਂ ‘ਤੇ ਡਿੱਗ ਗਈਆਂ ਸਨ। ਇਹ ਤਾਂ ਭਲਾ ਹੋਵੇ ਐਂਬੂਲਡੇਨੀਆ ਦਾ ਜਿਸ ਨੇ 40 ਦੌੜਾਂ ਬਣਾ ਕੇ ਸ਼੍ਰੀ ਲੰਕਾ ਨੂੰ 126 ਦੌੜਾਂ ਤਕ ਪਹੁੰਚਾਇਆ। ਬੇਸ ਨੇ 16 ਓਵਰਾਂ ‘ਚ 49 ਦੌੜਾਂ ਦੇ ਕੇ 4 ਵਿਕਟਾਂ, ਲੀਚ ਨੇ 14 ਓਵਰਾਂ ‘ਚ 59 ਦੌੜਾਂ ‘ਤੇ 4 ਵਿਕਟਾਂ ਅਤੇ ਕਪਤਾਨ ਤੇ ਪਾਰਟ ਟਾਈਮ ਔਫ਼ ਸਪਿਨਰ ਜੋਅ ਰੂਟ ਨੇ 1.5 ਓਵਰਾਂ ‘ਚ ਬਿਨਾਂ ਕੋਈ ਦੌੜ ਦਿੱਤੇ 2 ਵਿਕਟਾਂ ਹਾਸਿਲ ਕੀਤੀਆਂ।