ਟੈੱਸਟ ਕ੍ਰਿਕਟ ‘ਚ ਰੂਟ ਨੇ ਹਾਸਿਲ ਕੀਤੀ ਇਹ ਉਪਲੱਬਧੀ

ਨਵੀਂ ਦਿੱਲੀ – ਕਪਤਾਨ ਜੋ ਰੂਟ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੂਟ ਹੁਣ ਇੰਗਲੈਂਡ ਵਲੋਂ ਟੈੱਸਟ ‘ਚ ਚੌਥੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਐ। ਸੱਜੇ ਹੱਥ ਦੇ ਬੱਲੇਬਾਜ਼ ਰੂਟ ਨੇ ਦੂਜੇ ਟੈੱਸਟ ‘ਚ ਸ਼੍ਰੀ ਲੰਕਾ ਵਿਰੁੱਧ ਇਹ ਕਮਾਲ ਕੀਤਾ।
ਇੰਗਲੈਂਡ ਦੇ ਲਈ ਰੂਟ ਨੇ 99ਵੇਂ ਟੈੱਸਟ ਮੈਚ ਖੇਡਦੇ ਹੋਏ 180 ਪਾਰੀਆਂ ‘ਚ 8, 238 ਦੌੜਾਂ ਬਣਾਈਆਂ ਅਤੇ ਟੈੱਸਟ ‘ਚ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਸੱਤਵੇਂ ਤੋਂ ਸਿੱਧੇ ਚੌਥੇ ਸਥਾਨ ‘ਤੇ ਆ ਗਿਐ। ਇਸ ਮਾਮਲੇ ‘ਚ ਉਸ ਨੇ ਐਲਕ ਸਟੂਅਰਟ, ਗ੍ਰੈਹਮ ਗੂਚ ਅਤੇ ਸਾਬਕਾ ਕਪਤਾਨ ਐਲਿਸਟਰ ਕੁਕ ਨੂੰ ਪਿੱਛੇ ਛੱਡਿਆ।
ਦੂਜੇ ਟੈੱਸਟ ਦੇ ਤੀਜੇ ਦਿਨ ਰੂਟ ਨੇ 186 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਿਸ ਦੌਰਾਨ ਇੰਗਲੈਂਡ ਨੂੰ ਸ਼੍ਰੀ ਲੰਕਾ ‘ਤੇ ਦਬਾਅ ਬਣਾਉਣ ਦਾ ਪੂਰਾ ਮੌਕਾ ਮਿਲਿਆ। ਇੰਗਲੈਂਡ ਨੇ ਸ਼੍ਰੀ ਲੰਕਾ ਵਲੋਂ ਪਹਿਲੀ ਪਾਰੀ ‘ਚ ਬਣਾਈਆਂ ਗਈਆਂ 381 ਦੌੜਾਂ ਦੇ ਜਵਾਬ ‘ਚ 344 ਦੌੜਾਂ ਬਣਾਈਆਂ। ਸ਼੍ਰੀ ਲੰਕਾ ਨੇ ਪਹਿਲੀ ਪਾਰੀ ‘ਚ 37 ਦੌੜਾਂ ਦੀ ਬੜ੍ਹਤ ਤੋਂ ਬਾਅਦ ਦੂਜੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ 126 ਦੌੜਾਂ ਬਣਾਉਂਦੇ ਹੋਏ ਇੰਗਲੈਂਡ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ। ਰੂਟ ਦੀ ਪਾਰੀ ਦੇ ਬਾਰੇ ‘ਚ ਗੱਲ ਕਰਦੇ ਹੋਏ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਕਿਹਾ, ”ਰੂਟ ਵਲੋਂ ਸ਼ਾਨਦਾਰ ਪਾਰੀ ਖੇਡੀ ਗਈ। ਰੂਟ ਸਪਿਨ ਵਿਰੁੱਧ ਬੱਲੇਬਾਜ਼ੀ ਕਰਨ ‘ਚ ਮਾਸਟਰ ਕਲਾਸ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਇੱਕ ਸਿੱਖਿਆ ਰਹੀ ਹੈ, ਅਸੀਂ ਇਸ ਦਾ ਪੂਰਾ ਆਨੰਦ ਲਿਆ।”