ਆਸਟਰੇਲੀਆਈ ਦੌਰੇ ਦੌਰਾਨ ਹੋਏ ਵਿਤਕਰੇ ਸੰਬੰਧੀ ਅਸ਼ਵਿਨ ਨੇ ਕੀਤਾ ਵੱਡਾ ਖ਼ੁਲਾਸਾ

ਨਵੀਂ ਦਿੱਲੀ – ਭਾਰਤੀ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਖ਼ੁਲਾਸਾ ਕੀਤਾ ਹੈ ਕਿ ਹਾਲ ਹੀ ‘ਚ ਆਸਟਰੇਲੀਆ ‘ਚ ਖ਼ਤਮ ਹੋਈ ਬੌਰਡਰ-ਗਾਵਸਕਰ ਟ੍ਰਾਫ਼ੀ ਦੌਰਾਨ ਸਿਡਨੀ ‘ਚ ਉਹਨਾਂ ਨੂੰ ਮੇਜ਼ਬਾਨ ਟੀਮ ਦੇ ਖਿਡਾਰੀਆਂ ਨਾਲ ਲਿਫ਼ਟ ‘ਚ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਅਸ਼ਵਿਨ ਨੇ ਭਾਰਤੀ ਕ੍ਰਿਕਟ ਟੀਮ ਦੇ ਫ਼ੀਲਡਿੰਗ ਕੋਚ ਆਰ ਸ਼੍ਰੀਧਰ ਨਾਲ ਯੂ-ਟਿਊਬ ਚੈਨਲ ‘ਤੇ ਗੱਲਬਾਤ ਦੌਰਾਨ ਕਿਹਾ ਕਿ ਸਿਡਨੀ ਪਹੁੰਚਣ ਮਗਰੋਂ ਉਹਨਾਂ ਨੇ ਸਾਨੂੰ ਸਖ਼ਤ ਪਾਬੰਦੀਆਂ ਨਾਲ ਬੰਦ ਕਰ ਦਿੱਤਾ।

ਅਸ਼ਵਿਨ ਨੇ ਕਿਹਾ ਕਿ ਸਿਡਨੀ ‘ਚ ਇੱਕ ਅਨੋਖੀ ਘਟਨਾ ਵਾਪਰੀ। ਈਮਾਨਦਾਰੀ ਨਾਲ ਦੱਸਾਂ ਤਾਂ ਇਹ ਅਜੀਬ ਸੀ। ਭਾਰਤ ਅਤੇ ਆਸਟਰੇਲੀਆ ਦੋਵੋਂ ਇੱਕ ਹੀ ਬਾਇਓਬਬਲ ‘ਚ ਸਨ, ਪਰ ਜਦੋਂ ਆਸਟਰੇਲੀਆਈ ਖਿਡਾਰੀ ਲਿਫ਼ਟ ‘ਚ ਸਨ ਤਾਂ ਉਹਨਾਂ ਨੇ ਭਾਰਤੀ ਖਿਡਾਰੀਆਂ ਨੂੰ ਲਿਫ਼ਟ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਅਸ਼ਵਿਨ ਨੇ ਕਿਹਾ ਕਿ ਅਸਲ ‘ਚ ਉਸ ਸਮੇਂ ਸਾਨੂੰ ਇਹ ਬਹੁਤ ਬੁਰਾ ਲੱਗਾ।
ਉਹਨਾਂ ਮੁਤਾਬਿਕ, ਅਸੀਂ ਇੱਕ ਹੀ ਬਾਇਓਬਬਲ ‘ਚ ਹਾਂ ਪਰ ਤੁਸੀਂ ਲਿਫ਼ਟ ‘ਚ ਬੈਠ ਜਾਂਦੇ ਹੋ ਅਤੇ ਤੁਸੀਂ ਇੱਕ ਹੀ ਬਬਲ ‘ਚ ਰਹਿਣ ਵਾਲੇ ਕਿਸੇ ਹੋਰ ਵਿਅਕਤੀ ਨਾਲ ਲਿਫ਼ਟ ਸਾਂਝੀ ਨਹੀਂ ਕਰਦੇ, ਸਾਡੇ ਲਈ ਇਹ ਮੁਸ਼ਕਲ ਸਮਾਂ ਸੀ। ਅਸ਼ਵਿਨ ਨੇ ਆਸਟ੍ਰੇਲੀਆ ਦੌਰੇ ‘ਤੇ ਖੇਡੇ ਗਏ ਚਾਰ ਮੈਚਾਂ ਦੀ ਟੈੱਸਟ ਸੀਰੀਜ਼ ‘ਚ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 12 ਵਿਕਟਾਂ ਲਈਆਂ ਸਨ। ਉਹਨਾਂ ਨੇ ਗੇਂਦਬਾਜ਼ੀ ਦੇ ਨਾਲ-ਨਾਲ ਸਿਡਨੀ ਟੈੱਸਟ ‘ਚ ਹਨੁਮਾ ਵਿਹਾਰੀ ਨਾਲ ਮਿਲ ਕੇ ਭਾਰਤ ਨੂੰ ਹਾਰ ਤੋਂ ਬਚਾਇਆ ਸੀ।