ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇੱਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਸਲਾ ਵਧਾ ਰਹੇ ਹਨ।
ਹਾਲ ਹੀ ‘ਚ ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਸਤਿੰਦਰ ਸਰਤਾਜ ਕਲਾਵਾਂ ਚੜ੍ਹਦੀਆਂ ਟਾਈਟਲ ਹੇਠ ਜੋਸ਼ੀਲਾ ਗੀਤ ਲੈ ਕੇ ਆਏ ਹਨ ਜਿਸ ‘ਚ ਉਹ ਪੰਜਾਬੀਆਂ ਦੀਆਂ ਬਹਾਦਰੀਆਂ ਅਤੇ ਅਣਖਾਂ ਨੂੰ ਬਿਆਨ ਕਰ ਰਹੇ ਹਨ। ਇਹ ਗੀਤ ਉਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ ਤਹਿਰੀਕ ‘ਚੋਂ ਹੈ। ਇਸ ਗੀਤ ਦੇ ਬੋਲ ਖ਼ੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਹਨ, ਜਿਸ ਨੂੰ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਸਤਿੰਦਰ ਸਰਤਾਜ ਦੇ ਇਸ ਗੀਤ ਦਾ ਵੀਡੀਓ ਭਿੰਦਰ ਬੁਰਜ ਨੇ ਡਾਇਰੈਕਟ ਕੀਤਾ ਹੈ।
ਇਸ ਗੀਤ ‘ਚ ਦਿੱਲੀ ਕਿਸਾਨੀ ਅੰਦੋਲਨ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲ ਰਹੇ ਹਨ। ਸਾਗਾ ਹਿੱਟਜ਼ ਦੇ ਬੈਨਰ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਇੰਨ੍ਹੀਂ ਦਿਨੀਂ ਸਾਰੇ ਪੰਜਾਬੀ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਹਨ ਜਿਸ ਦੇ ਚੱਲਦੇ ਪੰਜਾਬੀਆਂ ਦੇ ਜਜ਼ਬੇ ਤੇ ਹੌਂਸਲੇ ਨੂੰ ਸਤਿੰਦਰ ਸਰਤਾਜ ਆਪਣੀ ਕਲਮ ਅਤੇ ਆਵਾਜ਼ ਰਾਹੀਂ ਬਿਆਨ ਕਰ ਰਹੇ ਹਨ। ਤਹਿਰੀਕ ਐਲਬਮ ‘ਚ ਟੋਟਲ 11 ਗੀਤ ਹੋਣਗੇ।
ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਦਿੱਲੀ ਦੀਆਂ ਹੱਦਾਂ ‘ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫ਼ੇਰਿਓਂ ਘੇਰਿਆ ਹੋਇਆ ਹੈ। ਅੱਜ ਫ਼ਿਰ ਸਰਕਾਰ ਤੇ ਕਿਸਾਨਾਂ ਵਿੱਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ ‘ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।











