ਖ਼ੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਦਾ ਰੁਝਾਨ ਹੁਣ ਖੱਬੇ ਪਾਸੇ ਝੁਕਣਾ ਸ਼ੁਰੂ ਹੋ ਗਿਆ ਹੈ। ਕਿਸਾਨ ਮਾਰੂ ਖੇਤੀ ਬਿੱਲਾਂ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਪੰਜਾਬੀ ਕਲਾਕਾਰ ਵੀ ਇਸ ਮੋਰਚੇ ‘ਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਉਥੇ ਉਨ੍ਹਾਂ ਨੇ ਸਾਰਿਆਂ ਲਈ ਅਰਦਾਸ ਕੀਤੀ।
ਇਸ ਦੌਰਾਨ ਦੀ ਇੱਕ ਤਸਵੀਰ ਨੀਰੂ ਬਾਜਵਾ ਨੇ ਆਪਣੇ ਟਵਿਟਰ ਐਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ”ਦੁਨੀਆ ਨੂੰ ਇਸ ਸਮੇਂ ਆਸ ਦੀ ਜ਼ਰੂਰਤ ਹੈ। ਸਭ ਠੀਕ ਹੋ ਜਾਵੇਗਾ, ਹੱਥ ਜੋੜ ਕੇ ਰੱਖੋ, ਦਿਲ ਮਜ਼ਬੂਤ ਰੱਖਣ ਲਈ ਸੁਰੱਖਿਅਤ ਰਹੋ।” ਦੱਸ ਦਈਏ ਕਿ ਕਿਸਾਨੀ ਅੰਦੋਲਨ ਨੇ ਪੰਜਾਬੀ ਕਲਾਕਾਰ ਭਾਈਚਾਰੇ ਨੂੰ ਇੱਕ ਨਵੇਂ ਰੰਗ ‘ਚ ਰੰਗ ਦਿੱਤਾ ਹੈ। ਕਿਸਾਨੀ ਸੰਘਰਸ਼ ਲਈ ਕਲਾਕਾਰ ਭਾਈਚਾਰਾ ਪਹਿਲੀ ਵਾਰ ਇਕੱਠੇ ਨਜ਼ਰ ਆ ਰਿਹਾ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਰੋਜ਼ਾਨਾ ਕੋਈ ਨਾ ਕੋਈ ਕਲਾਕਾਰ ਦਿੱਲੀ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਹੌਸਲਾ ਅਫ਼ਜਾਈ ਕਰ ਰਿਹਾ ਹੈ।











