
ਬੌਲੀਵੁਡ ਅਤੇ ਸਾਊਥ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਤਮੰਨਾ ਭਾਟੀਆ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਤਮੰਨਾ ਹੈਦਰਾਬਾਦ ਵਿੱਚ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੀ ਸੀ ਜਦੋਂ ਉਸ ਨੂੰ ਥੋੜ੍ਹੀ ਬੀਮਾਰੀ ਮਹਿਸੂਸ ਹੋਣ ਲੱਗੀ। ਉਸ ਨੂੰ ਜਲਦੀ ਹੀ ਟੈੱਸਟਾਂ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਕੋਵਿਡ 19 ਪੌਜ਼ੇਟਿਵ ਪਾਈ ਗਈ। ਹਾਲਾਂਕਿ ਖ਼ਬਰਾਂ ਤਾਂ ਇਹ ਵੀ ਹਨ ਕਿ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਸ ਸਮੇਂ ਹਸਪਤਾਲ ‘ਚ ਦਾਖ਼ਲ ਹੈ।
ਦੱਸ ਦਈਏ ਕਿ ਅਗਸਤ ਵਿੱਚ ਤਮੰਨਾ ਦੇ ਪਿਤਾ ਸੰਤੋਸ਼ ਭਾਟੀਆ ਅਤੇ ਮਾਂ ਰਜਨੀ ਭਾਟੀਆ ਦੀ ਕੋਰੋਨਾ ਟੈੱਸਟ ਰਿਪੋਰਟ ਸਕਾਰਾਤਮਕ ਆਈ ਸੀ। ਇਹ ਜਾਣਕਾਰੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਤਮੰਨਾ ਨੇ ਪੋਸਟ ਵਿੱਚ ਦੱਸਿਆ ਕਿ ਮੇਰੇ ਮਾਤਾ-ਪਿਤਾ ਕੋਰੋਨਾ ਨਾਲ ਸਬੰਧਤ ਲੱਛਣ ਨਜ਼ਰ ਆ ਰਹੇ ਸਨ ਅਤੇ ਜਦੋਂ ਟੈੱਸਟ ਕੀਤਾ ਗਿਆ ਤਾਂ ਉਹ ਕੋਰੋਨਾ ਪੌਜ਼ੇਟਿਵ ਪਾਏ ਗਏ।
ਤਮੰਨਾ ਜਲਦ ਹੀ ਬੌਲੀਵੁਡ ਫ਼ਿਲਮ ਬੋਲੇ ਚੂਡੀਆ ‘ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਵਿੱਚ ਨਵਾਜ਼ੂਦੀਨ ਸਿਦੀਕੀ ਅਤੇ ਕਬੀਰ ਦੁਹਾਨ ਸਿੰਘ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਖ਼ਾਸ ਗੱਲ ਇਹ ਹੈ ਕਿ ਹੁਣ ਤਕ ਬਹੁਤ ਸਾਰੇ ਫ਼ਿਲਮੀ ਸਿਤਾਰੇ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ। ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੋਂ ਲੈ ਕੇ ਮਲਾਇਕਾ ਅਰੋੜਾ, ਅਰਜੁਨ ਕਪੂਰ, ਆਫ਼ਤਾਬ ਸ਼ਿਵਦਾਸਾਨੀ, ਜੇਨੇਲੀਆ ਡੀ ਸੂਜ਼ਾ ਤੋਂ ਲੈ ਕੇ ਬਹੁਤ ਸਾਰੇ ਸੈਲੇਬ੍ਰਿਟੀਜ਼ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ।











