ਭਾਰਤ ਦੀ ਦੀਪਾ ਕਰਮਾਕਰ ਨੇ ਅੱਜ ਇਤਿਹਾਸ ਰਚ ਦਿੱਤਾ। ਉਹ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣ ਗਈ ਹੈ। ਦੀਪਾ ਨੇ ਇੱਥੇ ਅੰਤਿਮ ਕੁਆਲੀਫ਼ਾਈਂਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰੀਓ ਦਾ ਟਿਕਟ ਕਟਾ ਲਿਆ। ਇਸ 22 ਸਾਲਾ ਜਿਮਨਾਸਟ ਨੇ ਕੁਲ 52.698 ਅੰਕ ਬਣਾ ਕੇ ਅਗਸਤ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਆਰਟਿਸਟਿਕ ਜਿਮਨਾਸਟਿਕ ਵਿੱਚ ਥਾਂ ਬਣਾਈ। ਪਹਿਲੀ ਭਾਰਤੀ ਮਹਿਲਾ ਤੋਂ ਇਲਾਵਾ 52 ਸਾਲ ਦੇ ਲੰਬੇ ਖਲਾਅ ਤੋਂ ਬਾਅਦ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹੈ।
ਭਾਰਤ ਨੂੰ ਆਜ਼ਾਦੀ ਮਿਲਣ ਬਾਅਦ 11 ਭਾਰਤੀ ਪੁਰਸ਼ ਜਿਮਨਾਸਟਾਂ ਨੇ ਓਲੰਪਿਕ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ ਦੋ ਨੇ 1952 ਵਿੱਚ, ਤਿੰਨ ਨੇ 1956 ਵਿੱਚ ਅਤੇ ਛੇ ਨੇ 1964 ਵਿੱਚ ਹਿੱਸਾ ਲਿਆ ਸੀ। ਪਰ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹੈ। ਅੰਤਰਰਾਸ਼ਟਰੀ ਜਿਮਨਾਸਟਿਕ ਫ਼ੈਡਰੇਸ਼ਨ ਨੇ ਆਪਣੀ ਅਧਿਕਾਰਤ ਪ੍ਰੈਸ ਰਿਲੀਜ਼ ਵਿੱਚ ਦੀਪਾ ਦੇ ਰੀਓ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਦੀ ਪੁਸ਼ਟੀ ਕੀਤੀ ਹੈ।ਦੀਪਾ ਨੂੰ ਰੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਮਹਿਲਾ ਕਲਾਤਮਿਕ ਜਿਮਨਾਸਟਕ ਵਿੱਚ ਵਿਅਕਤੀਗਤ ਕੁਆਲੀਫ਼ਾਈਰ ਦੀ ਸੂਚੀ ਵਿੱਚ 79ਵੀਂ ਜਿਮਨਾਸਟ ਸੂਚਿਤ ਕੀਤਾ ਗਿਆ ਹੈ। ਉਸਦੇ ਪਹਿਲੇ ਵਾਲਟ ਨੇ ਜੋ ਕਾਫ਼ੀ ਮੁਸ਼ਕਿਲ ਹੁੰਦਾ ਹੈ, ਦੀਪਾ ਨੂੰ 15.066 ਅੰਕ ਦਿਵਾਏ, ਜੋ ਹਿੱਸਾ ਲੈ ਰਹੀਆਂ ਸਾਰੀਆਂ ਖਿਡਾਰਨਾਂ ਤੋਂ ਵੱਧ ਸਨ ਪਰ ਅਨਈਵਨ ਬਾਰ ਵਿੱਚ ਖਰਾਬ ਪ੍ਰਦਰਸ਼ਨ ਕਰਨ ਕਾਰਨ ਉਸਦੇ ਅੰਕ ਘਟ ਗਏ ਅਤੇ ਉਸਨੂੰ ਮਹਿਜ਼ 11.700 ਅੰਕ ਮਿਲੇ। ਤਿ?ਪੁਰਾ ਦੀ ਇਸ ਜਿਮਨਾਸਟ ਨੇ ਬੀਮ ਅਤੇ ਫ਼ਲੋਰ ਐਕਸਰਸਾਈਜ਼ ਵਿੱਚ ਕਰਮਵਾਰ 13.366, 12.566 ਅੰਕ ਜੁਟਾਏ। ਭਾਰਤ ਦੀ ਇਸ ਪ੍ਰਾਪਤੀ ਉੱਤੇ ਟਿੱਪਣੀ ਕਰਦਿਆਂ ਅੰਤਰਾਸ਼ਟਰੀ ਰੈਫ਼ਰੀ ਦੀਪਕ ਕਾਗਰਾ ਨੇ ਕਿਹਾ ਕਿ ਦੀਪਾ ਦੇ ਪ੍ਰਦਰਸ਼ਨ ਤੋਂ ਬਾਅਦ ਇਹ ਨਿਸਚਿਤ ਹੋ ਗਿਆ ਸੀ ਕਿ ਉਹ ਓਲੰਪਿਕ ਲਈ ਕੁਆਲੀਫ਼ਾਈ ਕਰ ਲਵੇਗੀ। ਦੀਪਾ ਦਾ ਸਕੋਰ ਬਹੁਤ ਚੰਗਾ ਸੀ ਅਤੇ ਸਾਨੂੰ ਪੂਰੀ ਉਮੀਦ ਸੀ ਕਿ ਉਹ ਕੁਆਲੀਫ਼ਾਈ ਕਰ ਲਵੇਗੀ। ਹੁਣ ਵਿਸ਼ਵ ਸੰਸਥਾ ਨੇ ਵੀ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਜਿਮਨਾਸਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਉਸ ਵਿੱਚ ਦੀਪਾ ਦਾ ਨਾਂ ਸ਼ਾਮਲ ਹੈ। ਸਮੁੱਚੇ ਭਾਰਤੀ ਜਿਮਨਾਸਟਾਂ ਨੂੰ ਇਸ ਪ੍ਰਾਪਤੀ ਉੱਤੇ ਮਾਣ ਹੈ।












