
ਨਵੀਂ ਦਿੱਲੀ – ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਦਿੱਗਜ ਵਿਕੇਟਕੀਪਰ ਐੱਮ. ਐੱਸ. ਧੋਨੀ ਨੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਧੋਨੀ ਨਾਲ ਕਾਫ਼ੀ ਕ੍ਰਿਕਟ ਖੇਡ ਚੁੱਕੇ ਸਾਬਕਾ ਤੇਜ਼ ਗੇਂਦਬਾਜ ਆਸ਼ੀਸ਼ ਨਹਿਰਾ ਨੇ ਰਿਟਾਇਰਮੈਂਟ ਤੋਂ ਬਾਅਦ ਮਾਹੀ ਨੂੰ ਸਲਾਮ ਕੀਤਾ। ਉਸ ਨੇ ਕਿਹਾ ਕਿ ਧੋਨੀ ਦਾ ਦਿਮਾਗ਼ ਉਸ ਦੀ ਸਭ ਤੋਂ ਵੱਡੀ ਤਾਕਤ ਰਹੀ। ਇਹੀ ਕਾਰਨ ਹੈ ਕਿ ਉਹ ਕ੍ਰਿਕਟ ਦੇ ਮੈਦਾਨ ਵਿੱਚ ਰਾਜ ਕਰ ਸਕਿਆ। ਹਾਲਾਂਕਿ ਆਸ਼ੀਸ਼ ਨਹਿਰਾ ਨੇ ਇਹ ਗੱਲ ਵੀ ਕਹੀ ਕਿ ਪੰਤ ਦੇ ਅੰਦਰ ਜਵਾਨ ਧੋਨੀ ਤੋਂ ਵੀ ਜ਼ਿਆਦਾ ਟੈਲੈਂਟ ਦਿਖਾਈ ਦਿੰਦਾ ਹੈ।
ਆਸ਼ੀਸ਼ ਨਹਿਰਾ ਨੇ ਕਿਹਾ, ”ਧੋਨੀ ਦਾ ਸਭ ਤੋਂ ਵੱਡਾ ਹੁਨਰ ਉਨ੍ਹਾਂ ਦਾ ਦਿਮਾਗ਼ ਹੈ ਜਿਸ ਦੀ ਵਜ੍ਹਾ ਨਾਲ ਅੱਜ ਉਹ ਅਜਿਹਾ ਬਣਿਆ ਹੈ। ਜੇਕਰ ਤੁਸੀ ਮੇਰੇ ਤੋਂ ਪੁੱਛੋਗੇ ਤਾਂ ਮੈਂ ਰਿਸ਼ਭ ਪੰਤ ਨੂੰ ਸੋਨੈਟ (ਟੂਰਨਾਮੈਂਟ) ਵਿੱਚ ਦੇਖਿਆ ਸੀ ਜਦੋਂ ਉਹ 14 ਸਾਲ ਦਾ ਚੁਲਬੁਲਾ ਬੱਚਾ ਸੀ। ਮੇਰੇ ‘ਤੇ ਭਰੋਸਾ ਕਰੋ ਕਿ 22 ਸਾਲ ਦੀ ਉਮਰ ਵਿੱਚ ਪੰਤ ਕੋਲ ਜਿੰਨਾ ਟੈਲੇਂਟ ਹੈ, ਓਨਾ ਮਹਿੰਦਰ ਸਿੰਘ ਧੋਨੀ ਕੋਲ 2004 ਵਿੱਚ 23 ਸਾਲ ਦੀ ਉਮਰ ਵਿੱਚ ਨਹੀਂ ਸੀ ਜਦੋਂ ਉਹ ਪਹਿਲੀ ਵਾਰ ਭਾਰਤ ਲਈ ਖੇਡਿਆ ਸੀ।
ਆਸ਼ੀਸ਼ ਨਹਿਰਾ ਨੇ ਕਿਹਾ, ”ਮੈਂ ਧੋਨੀ ਬਾਰੇ ਸੁਣਿਐ ਕਿ ਉਹ ਖਿਡਾਰੀਆਂ ਦੀ ਪਹੁੰਚ ਤੋਂ ਦੂਰ ਰਹਿੰਦੈ ਜੋ ਕਿ ਬਿਲਕੁਲ ਗ਼ਲਤ ਹੈ। ਉਸ ਦੇ ਮਨ ਵਿੱਚ ਸਾਰੇ ਸੀਨੀਅਰ ਖਿਡਾਰੀਆਂ ਲਈ ਬੇਹੱਦ ਸਨਮਾਨ ਸੀ। ਮੈਂ ਇਹ ਵਿਸ਼ਵਾਸ ਦਿਵਾ ਸਕਦਾ ਹਾਂ ਕਿ ਉਸ ਨੇ ਦਿਮਾਗ਼ ਪੜ੍ਹਨ ਦੀਆਂ ਸਮਰਥਾਵਾਂ ਕਾਰਨ ਬਦਲਾਅ ਦੇ ਦੌਰ ਵਿੱਚ ਟੀਮ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸੰਭਾਲਿਆ ਸੀ। ਉਸ ਨੇ ਸਾਰਿਆ ਨੂੰ ਸਨਮਾਨ ਦਿੱਤਾ ਅਤੇ ਇਸ ਲਈ ਉਸ ਨੂੰ ਵੀ ਬਦਲੇ ‘ਚ ਸਨਮਾਨ ਮਿਲਿਆ। ਅਜਿਹਾ ਕਦੇ ਨਹੀਂ ਹੋਇਆ ਕਿ ਉਨ੍ਹਾਂ ਨੇ ਕਿਸੇ ਖਿਡਾਰੀ ਨੂੰ ਉਸ ਦੇ ਬਾਰੇ ਵਿੱਚ ਸਥਿਤੀ ਤੋਂ ਸਪੱਸ਼ਟ ਰੂਪ ਨਾਲ ਜਾਣੂ ਨਹੀਂ ਕਰਾਇਆ ਕਿ ਉਸ ਦੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੈ।”
ਮਰਸੀਡੀਜ਼ ਕਾਰ
ਆਸ਼ੀਸ਼ ਨਹਿਰਾ ਨੇ ਅੱਗੇ ਕਿਹਾ, ”ਉਹ ਸਭ ਤੋਂ ਬਿਹਤਰ ਕਿਉਂ ਹੈ? ਕਿਉਂਕਿ ਧੋਨੀ ਤੋਂ ਬਿਹਤਰ ਭਾਵਨਾਵਾਂ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ ਸੀ। ਤੁਹਾਨੂੰ ਕੀ ਲੱਗਦਾ ਹੈ, ਉਹ ਕਦੇ ਵੀ ਦੁਖੀ, ਅਪਮਾਨਿਤ ਜਾਂ ਗੁੱਸਾ ਨਹੀਂ ਹੋਇਆ? ਪਰ ਉਹ ਇਸ ਨੂੰ ਲੁਕਾਉਣਾ ਜਾਣਦੈ। ਇਹ ਉਸ ਦਾ ਦੂਜਾ ਸੁਭਾਅ ਹੈ। ਉਸ ਵਿੱਚ ਦੂਜੇ ਦੇ ਦਿਮਾਗ਼ ਨੂੰ ਪੜ੍ਹਨ ਦੀ ਸ਼ਾਨਦਾਰ ਸਮਰੱਥਾ ਹੈ ਜਿਸ ਕਾਰਨ ਉਹ ਸਭ ਤੋਂ ਚੰਗੇ ਵਿਅਕਤੀ-ਪ੍ਰਬੰਧਕਾਂ ਵਿੱਚੋਂ ਇੱਕ ਬਣਿਆ।”
ਆਸ਼ੀਸ਼ ਨਹਿਰਾ ਨੇ ਦੱਸਿਆ, ”ਉਸ ਨੇ 2009 ਅਤੇ 2011 ਵਿੱਚ ਟੀਮ ਵਿੱਚ ਮੇਰੀ ਵਾਪਸੀ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ ਸੀ। ਉਸ ਨੇ ਮੇਰੇ ਕੋਲੋਂ ਪਾਵਰਪਲੇ ਵਿੱਚ ਜ਼ਿਆਦਾ ਓਵਰ ਪੁਆਏ ਅਤੇ 3 ਜਾਂ 4 ਸਪੈੱਲਾਂ ਵਿੱਚ ਮੇਰੇ ਤੋਂ ਗੇਂਦਬਾਜ਼ੀ ਕਰਵਾਈ। ਜਿਸ ਮੈਚ ਵਿੱਚ ਜਿੱਥੇ ਤੁਸੀਂ 325 ਦੌੜਾਂ ਦੇ ਟੀਚੇ ਦਾ ਬਚਾਅ ਕਰ ਰਹੇ ਹੁੰਦੇ ਸੀ, ਉਹ ਕਹਿੰਦਾ ਸੀ ਕਿ ਜੇਕਰ ਤੁਸੀਂ 70 ਦੌੜਾਂ ਵੀ ਦੇ ਦਿੱਤੀਆਂ ਤਾਂ ਵੀ ਚਿੰਤਾ ਦੀ ਕੋਈ ਗੱਲ ਨਹੀਂ ਜਦੋਂ ਤਕ ਤੁਹਾਨੂੰ ਵਿਕੇਟ ਮਿਲਦੇ ਹਨ। ਮੈਂ ਤੁਹਾਡੇ ਨਾਲ ਹਾਂ। ਉਸ ਨੇ ਇਹ ਯਕੀਨੀ ਕੀਤਾ ਕਿ ਉਸ ਸਮੇਂ ਦੇ ਚੋਣਕਰਤਾ ਟੀਮ ਵਿੱਚ ਖਿਡਾਰੀਆਂ ਨੂੰ ਜ਼ਿਆਦਾ ਅੰਦਰ-ਬਾਹਰ ਨਾ ਕਰਨ।”
ਦਿਮਾਗ਼ ਪੜ੍ਹਨ ‘ਚ ਮਾਹਿਰ ਧੋਨੀ
ਆਸ਼ੀਸ਼ ਨਹਿਰਾ ਨੇ ਅੱਗੇ ਕਿਹਾ, ”ਧੋਨੀ ਆਖਰੀ ਓਵਰਾਂ ਵਿੱਚ ਗੇਂਦਬਾਜੀ ਕਰਵਾਉਣ ਨੂੰ ਲੈ ਕੇ ਕਾਫ਼ੀ ਸਪੱਸ਼ਟ ਸੀ। ਦਿਮਾਗ਼ ਪੜ੍ਹਨ ਦੇ ਮਾਮਲੇ ਵਿੱਚ ਤੁਸੀਂ ਧੋਨੀ ਨੂੰ ਪਛਾੜ ਨਹੀਂ ਸਕਦੇ। ਜੇਕਰ ਉਸ ਨੂੰ ਪਤਾ ਹੁੰਦਾ ਸੀ ਕਿ ਕਿਸੇ ਖਿਡਾਰੀ ਵਿੱਚ ਸੀਮਿਤ ਸਮਰਥਾਵਾਂ ਹਨ ਤਾਂ ਉਹ ਉਸ ਨੂੰ ਬਿਨਾਂ ਨਿਰਾਸ਼ ਕੀਤੇ ਜਾਂ ਬਿਨਾਂ ਗੁੱਸਾ ਵਿਖਾਏ ਉਸ ਦੀ ਚੰਗੀ ਵਰਤੋਂ ਕਰਦਾ ਸੀ।












