‘ਕੋਰੋਨਾ’ ਮੁਕਤ ਹੋਇਆ ਪਿੰਡ ਨੰਗਲੀ (ਜਲਾਲਪੁਰ), ਸਾਰੇ ਮਰੀਜ਼ ਠੀਕ ਹੋ ਕੇ ਪਰਤੇ ਘਰ

ਟਾਂਡਾ ਉੜਮੁੜ — ਕੋਰੋਨਾ ਹੌਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਵਾਸੀਆਂ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ ਜਦੋਂ ਅੱਜ ਆਖਰੀ 3 ਮਰੀਜ਼ ਵੀ ਠੀਕ ਹੋ ਕੇ ਘਰ ਪਰਤ ਆਏ। ਇਸ ਤੋਂ ਪਹਿਲਾਂ 26 ਪਾਜ਼ੇਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰ ਵਾਪਸੀ ਕਰ ਲਈ ਸੀ। ਇਸ ਦੌਰਾਨ ਕੋਰੋਨਾ ਨੂੰ ਮਾਤ ਦੇਣ ਲਈ ਸਿਹਤ ਮਹਿਕਮੇ ਵੱਲੋਂ ਵਿੱਢੀ ਮੁਹਿੰਮ ਤਹਿਤ ਹੋ ਰਹੀ ਮਾਸ ਸੈਂਪਲਿੰਗ ਦੌਰਾਨ ਅੱਜ ਫਿਰ 73 ਨਮੂਨੇ ਲਏ ਗਏ। ਇਨ੍ਹਾਂ ‘ਚ ਨੰਗਲੀ ਜਲਾਲਪੁਰ ਦੇ ਲਗਭਗ 34 ਵਾਸੀਆਂ ਦੇ ਨਾਲ-ਨਾਲ ਬਾਕੀ ਏ. ਐੱਨ. ਐੱਮ ਅਤੇ ਆਸ਼ਾ ਵਰਕਰਾਂ ਦੇ ਵੀ ਟੈਸਟਾਂ ਲਈ ਨਮੂਨੇ ਲਏ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਐੱਸ. ਐੱਮ. ਓ. ਕੇ. ਆਰ. ਬਾਲੀ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਪਿੰਡ ‘ਚ 29 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਿੰਡ ਆਪਣੇ ਘਰਾਂ ‘ਚ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ, ਰਵਿੰਦਰ ਸਿੰਘ, ਬਲਜੀਤ ਸਿੰਘ,ਹਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਦੀ ਟੀਮ ਅਤੇ ਸਰਕਾਰੀ ਹਸਪਤਾਲ ਦਸੂਹਾ ਦੀ ਡਾਕਟਰ ਹਰਸ਼ਾ ਦੀ ਟੀਮ ਦੇ ਸਹਿਯੋਗ ਨਾਲ ਅੱਜ ਵਾਸੀਆਂ ਦੇ ਨਮੂਨੇ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸਿਹਤ ਮਹਿਕਮੇ ਦੀ ਟੀਮ ਕੋਰੋਨਾ ਚੇਨ ਤੋੜਨ ‘ਚ ਸਫਲ ਹੋ ਰਹੀ ਹੈ ਅਤੇ ਇਸੇ ਦੇ ਤਹਿਤ ਲਗਾਤਾਰ ਟੈਸਟ ਕਰਵਾਏ ਜਾ ਰਹੇ ਹਨ।
ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪੋ-ਆਪਣੇ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰ ‘ਚ ਇਕਾਂਤਵਾਸ ‘ਚ ਰੱਖਿਆ ਗਿਆ ਹੈ ਉਸ ਦੀ ਉਲੰਘਣਾ ਕਰਨ ਵਾਲੇ ਨੂੰ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ।