‘ਹਿਮਾਚਲ ‘ਚ 13 ਨਵੇਂ ਕੋਰੋਨਾ ਪਾਜ਼ੀਟਿਵ ਕੇਸ, ਪਛਾਣ ਲੁਕਾਉਣ ਵਾਲਿਆਂ ਦੀ ਖੈਰ ਨਹੀਂ’

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬੇ ‘ਚ ਤਬਲੀਗੀ ਜਮਾਤ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਮਾਤ ਦੇ ਲੋਕਾਂ ਨੇ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਮਹਾਮਾਰੀ ਕੋਰੋਨਾ ਨਾਲ ਨਜਿੱਠਣ ‘ਚ ਸਰਕਾਰ ਨੂੰ ਸਹਿਯੋਗ ਨਾ ਦਿੱਤਾ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿਚ ਕੋਰੋਨਾ ਵਾਇਰਸ ਦੇ 7 ਨਵੇਂ ਪਾਜ਼ੀਟਿਵ ਕੇਸ ਆਉਣ ਨਾਲ ਹੁਣ ਇਸ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਹੁਣ ਤਕ ਸੂਬੇ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਨਿਜ਼ਾਮੂਦੀਨ ਮਰਕਜ਼ ਤੋਂ ਪਰਤੇ ਤਬਲੀਗੀ ਜਮਾਤ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਅੱਜ ਹੀ ਸਾਹਮਣੇ ਆਉਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਆਈ. ਜੀ. ਐੱਮ. ਸੀ. ਅਤੇ ਟਾਂਡਾ ਮੈਡੀਕਲ ਕਾਲਜ ਵਿਚ 87 ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਜੈਰਾਮ ਨੇ ਕਿਹਾ ਕਿ ਸੋਲਨ ਜ਼ਿਲਾ ਦੇ ਬੱਦੀ ਖੇਤਰ ਦੀ ਝਾੜਮਾਜਰੀ ਵਿਚ ਰਹਿ ਰਹੀ ਔਰਤ ਦੇ 4 ਰਿਸ਼ਤੇਦਾਰ ਵੀ ਕੋਰੋਨਾ ਵਾਇਰਸ ਦੇ ਲਪੇਟ ਵਿਚ ਆ ਗਏ ਹਨ। ਸ਼ੁੱਕਰਵਾਰ ਨੂੰ ਉਕਤ ਔਰਤ ਦੀ ਪੀ. ਜੀ.ਆਈ. ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਨਾਲਾਗੜ੍ਹ ਵਿਚ ਤਬਲੀਗੀ ਜਮਾਤ ਦੇ ਜੋ ਲੋਕ ਦਿੱਲੀ ਤੋਂ ਪਰਤੇ ਹਨ, ਉਨ੍ਹਾਂ ‘ਚ 3 ਲੋਕ ਪਾਜ਼ੀਟਿਵ ਪਾਏ ਗਏ ਹਨ। ਨਿਜ਼ਾਮੂਦੀਨ ਮਰਕਜ਼ ਤੋਂ ਪਰਤੇ 3 ਜਮਾਤੀ ਵੀ ਟਾਂਡਾ ‘ਚ ਭਰਤੀ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਦੇਸ਼ ‘ਚ 4286 ਲੋਕਾਂ ਨੂੰ ਕੋਵਿਡ-19 ਕਾਰਨ ਨਿਗਰਾਨੀ ‘ਚ ਰੱਖਿਆ ਗਿਆ ਹੈ। ਇਨ੍ਹਾਂ ‘ਚ 1754 ਲੋਕਾਂ ਨੇ 28 ਦਿਨ ਦੀ ਜ਼ਰੂਰੀ ਨਿਗਰਾਨੀ ਨੂੰ ਪੂਰਾ ਕਰ ਲਿਆ ਹੈ। ਹਿਮਾਚਲ ‘ਚ ਹੀ ਹੁਣ ਤਕ ਤਬਲੀਗੀ ਜਮਾਤ ਨਾਲ ਜੁੜੇ 6 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ।