ਛੋਟੀ ਜਿਹੀ ਗ਼ਲਤੀ ਨੇ ਖ਼ਤਮ ਕੀਤਾ ਇਨ੍ਹਾਂ ਕ੍ਰਿਕਟਰਾਂ ਦਾ ਕਰੀਅਰ, BCCI ਨੇ ਵੀ ਨਹੀਂ ਕੀਤਾ ਕਦੇ ਮੁਆਫ਼

ਨਵੀਂ ਦਿੱਲੀ – ਭਾਰਤੀ ਕ੍ਰਿਕਟ ਵਿੱਚ ਹਮੇਸ਼ਾ ਤੋਂ ਇੱਕ ਤੋਂ ਵੱਧ ਕੇ ਇੱਕ ਖਿਡਾਰੀ ਆਉਂਦੇ ਰਹੇ ਹਨ, ਪਰ ਹਰ ਖਿਡਾਰੀ ਆਪਣੇ ਹੁਨਰ ਦੇ ਨਾਲ ਇਨਸਾਫ ਨਹੀਂ ਕਰ ਸਕਿਆ। ਇਹੀ ਕਾਰਨ ਹੈ ਕਿ ਭਾਰਤ ਨੂੰ ਜਿੰਨੇ ਵੀ ਸਟਾਰ ਖਿਡਾਰੀ ਮਿਲੇ, ਗਮਨਾਮ ਖਿਡਾਰੀਆਂ ਦੀ ਸੂਚੀ ਵੀ ਓਨੀ ਹੀ ਲੰਬੀ ਹੈ। ਦਿਨੇਸ਼ ਮੋਂਗੀਆ ਵੀ ਇਸੇ ਸੂਚੀ ਵਿੱਚ ਸ਼ਾਮਿਲ ਇੱਕ ਨਾਂ ਹੈ। ਉਹ ਕ੍ਰਿਕਟਰ ਜਿਸ ਨੇ ਫ਼ਰਸਟ ਕਲਾਸ ਕ੍ਰਿਕਟ ਵਿੱਚ 48.95 ਦੀ ਔਸਤ ਨਾਲ 8,028 ਦੌੜਾਂ ਬਣਾਈਆਂ। 27 ਸੈਂਕੜੇ ਅਤੇ 28 ਅਰਧ ਸੈਂਕੜੇ ਵੀ ਠੋਕੇ, ਪਰ ਭਾਰਤ ਲਈ ਕੌਮਾਂਤਰੀ ਪੱਧਰ ‘ਤੇ ਕੁੱਝ ਖ਼ਾਸ ਨਾ ਕਰ ਸਕਿਆ।
ਦਰਅਸਲ ਮੋਂਗੀਆ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ ICL ਵਿੱਚ ਆਪਣਾ ਜਲਵਾ ਦਿਖਾਇਆ ਸੀ, ਜਿਸ ਤੋਂ ਬਾਅਦ BCCI ਨੇ ਉਨ੍ਹਾਂ ‘ਤੇ ਬੈਨ ਲਗਾ ਦਿੱਤਾ ਸੀ। ਹਾਲਾਂਕਿ, ਦੋ ਸਾਲ ਬਾਅਦ ਬੈਨ ਹੱਟ ਵੀ ਗਿਆ ਸੀ ਪਰ ਭਾਰਤੀ ਕ੍ਰਿਕਟ ਬੋਰਡ ਨੇ ਉਸ ਨੂੰ ਕਦੇ ਮੁਆਫ਼ ਨਹੀਂ ਕੀਤਾ। ਮੋਂਗੀਆ ਨੇ ਸਾਲ 2001 ਵਿੱਚ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਆਪਣੇ ਪਹਿਲੇ ਮੈਚ ਵਿੱਚ ਉਹ ਕੁੱਝ ਖਾਸ ਨਹੀਂ ਕਰ ਸਕਿਆ, ਪਰ ਬਾਅਦ ਵਿੱਚ ਉਸ ਨੇ ਆਪਣਾ ਹੁਨਰ ਸਾਬਿਤ ਕੀਤਾ ਅਤੇ 2003 ਵਰਲਡ ਕੱਪ ਟੀਮ ਦਾ ਹਿੱਸਾ ਵੀ ਬਣਿਆ।
ਮੋਂਗੀਆ ਨੇ ਜ਼ਿੰਬਾਬਵੇ ਖ਼ਿਲਾਫ਼ 159 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਮੈਚ ਦੀ ਪਹਿਲੀ ਅਤੇ ਆਖ਼ਰੀ ਗੇਂਦ ਵੀ ਉਸ ਨੇ ਹੀ ਖੇਡੀ ਸੀ। 2003 ਤੋਂ ਬਾਅਦ ਮੋਂਗੀਆ ਦਾ ਪ੍ਰਦਰਸ਼ਨ ਲਗਾਤਾਰ ਖ਼ਰਾਬ ਹੁੰਦਾ ਗਿਆ, ਪਰ ਉਸ ਦੀ ਜ਼ਿੰਦਗੀ ਵਿੱਚ ਅਸਲੀ ਪਰੇਸ਼ਾਨੀ ਸਾਲ 2007 ਵਿੱਚ ਸ਼ੁਰੂ ਹੋਈ ਜਦੋਂ ਉਹ ਬਾਗ਼ੀ ਇੰਡੀਅਨ ਕ੍ਰਿਕਟ ਲੀਗ (ICl) ਦਾ ਹਿੱਸਾ ਬਣ ਗਿਆ।
ICL ਖਿਡਾਰੀਆਂ ਨੂੰ BBCI ਨੇ ਕੀਤਾ ਬੈਨ
ICL ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਖਿਡਾਰੀਆਂ ‘ਤੇ BCCI ਨੇ ਪਾਬੰਦੀ ਲਗਾ ਦਿੱਤੀ ਅਤੇ ਇਹ ਲੀਗ ਵੀ ਬੁਰੀ ਤਰ੍ਹਾਂ ਫ਼ਲੌਪ ਰਹੀ। ਇਸ ਦੇ ਦੋ ਸਾਲ ਬਾਅਦ ਬੈਨ ਵੀ ਹੱਟ ਗਿਆ, ਪਰ ਮੋਂਗੀਆ ਦੀ ਕ੍ਰਿਕਟ ਵਿੱਚ ਫ਼ਿਰ ਦੋਬਾਰਾ ਵਾਪਸੀ ਨਹੀਂ ਹੋ ਸਕੀ। ਰਾਇਡੂ ਵਰਗੇ ਖਿਡਾਰੀਆਂ ਨੇ ਬੈਨ ਹਟਣ ਤੋਂ ਬਾਅਦ ਭਾਰਤੀ ਟੀਮ ਵਿੱਚ ਵੀ ਜਗ੍ਹਾ ਬਣਾਈ, ਪਰ ਮੋਂਗੀਆ ਨਾਲ ਅਜਿਹਾ ਕੁੱਝ ਨਹੀਂ ਹੋਇਆ। ਸਾਲ 2015 ਵਿੱਚ ਉਸ ‘ਤੇ ਦੋਸ਼ ਲੱਗੇ ਕਿ ICL ਵਿੱਚ ਫ਼ਿਕਸਿੰਗ ਕਰਨ ਵਾਲੇ ਖਿਡਾਰੀਆਂ ਵਿੱਚ ਉਹ ਵੀ ਸ਼ਾਮਿਲ ਸੀ।
ਦਿਨੇਸ਼ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਉਸ ਖ਼ਿਲਾਫ਼ ਕੋਈ ਸਬੂਤ ਵੀ ਨਹੀਂ ਮਿਲੇ, ਪਰ ਭਾਰਤੀ ਕ੍ਰਿਕਟ ਬੋਰਡ ਨੇ ਉਸ ਨੂੰ ਕਦੇ ਮੁਆਫ਼ ਨਹੀਂ ਕੀਤਾ। ਮੁਹੰਮਦ ਅਜ਼ਹਰੂਦੀਨ ਨੂੰ ਇਨਸਾਫ਼ ਮਿਲਣ ਤੋਂ ਬਾਅਦ ਮੋਂਗੀਆ ਨੇ ਵੀ BCCI ਤੋਂ ਆਪਣੇ ਮਾਮਲੇ ‘ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਪਰ ਅਜਿਹਾ ਕੁੱਝ ਨਹੀਂ ਹੋਇਆ। ਮੋਂਗੀਆ ਨੇ ਭਾਰਤ ਲਈ 57 ਵਨ ਡੇ ਮੈਚਾਂ ਵਿੱਚ 27.95 ਦੀ ਔਸਤ ਨਾਲ 1, 230 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਇੱਕ ਸੈਂਕੜਾ ਅਤੇ ਚਾਰ ਅਰਧ ਸੈਂਕੜੇ ਵੀ ਲਗਾਏ। ਸਿਰਫ਼ ਇੱਕ T-20 ਵਿੱਚ ਉਸ ਨੇ 38 ਦੌੜਾਂ ਦੀ ਪਾਰੀ ਖੇਡੀ ਸੀ। ਇਸ ਮੈਚ ਵਿੱਚ ਉਸ ਦਾ ਸਟ੍ਰਾਈਕ ਰੇਟ 84.44 ਦਾ ਰਿਹਾ ਸੀ।
ਸ਼੍ਰੀਸੰਥ ਦਾ ਵੀ ਕਰੀਅਰ ਹੋਇਆ ਬਰਬਾਦ
ਐੱਸ. ਸ਼੍ਰੀਸੰਥ ਦੀ ਖ਼ਤਰਨਾਕ ਅਤੇ ਤੇਜ਼ ਗੇਂਦਬਾਜ਼ੀ ਤੋਂ ਹਰ ਕੋਈ ਵਾਕਿਫ਼ ਹੈ। ਉਸ ਨੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਸ਼੍ਰੀ ਲੰਕਾ ਖ਼ਿਲਾਫ਼ ਨਾਗਪੁਰ ਵਨ ਡੇ ਤੋਂ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਟੈੱਸਟ ਡੈਬਿਊ ਵੀ ਸਾਲ 2006 ਵਿੱਚ ਨਾਗਪੁਰ ਵਿੱਚ ਹੀ ਇੰਗਲੈਂਡ ਖ਼ਿਲਾਫ਼ ਕੀਤਾ। ਸ਼੍ਰੀਸੰਥ ਨੂੰ ਉਸ ਦੀ ਤੇਜ਼ ਗੇਂਦਬਾਜ਼ੀ ਅਤੇ ਜੋਸ਼ੀਲੇ ਅੰਦਾਜ਼ ਲਈ ਜਾਣਿਆ ਜਾਂਦਾ ਸੀ।
IPL ਵਿੱਚ ਹੋਈ ਮੈਚ ਫ਼ਿਕਸਿੰਗ ਵਿੱਚ ਉਸ ਦਾ ਨਾਂ ਆਉਣ ਕਾਰਨ ਉਸ ‘ਤੇ BCCI ਨੇ ਪਾਬੰਦੀ ਲਗਾ ਦਿੱਤੀ ਸੀ। ਮੈਚ ਫ਼ਿਕਸਿੰਗ ਵਿੱਚ ਸ਼ਾਮਿਲ ਹੋਣ ਕਾਰਨ ਉਸ ਨੂੰ 17 ਦਿਨ ਦੀ ਜੇਲ੍ਹ ਵੀ ਕੱਟਣੀ ਪਈ। ਹਾਲਾਂਕਿ ਕੇਰਲ ਹਾਈ ਕੋਰਟ ਨੇ ਉਸ ਤੋਂ ਪਾਬੰਦੀ ਹਟਾ ਦਿੱਤੀ ਸੀ, ਪਰ BCCI ਨੇ ਉਸ ਨੂੰ ਕਦੇ ਮੁਆਫ਼ ਨਹੀਂ ਕੀਤਾ ਜਿਸ ਕਾਰਨ ਉਸ ਦੀ ਕ੍ਰਿਕਟ ਵਿੱਚ ਦੋਬਾਰਾ ਵਾਪਸੀ ਨਹੀਂ ਹੋ ਸਕੀ। ਉਸ ਨੇ 27 ਟੈੱਸਟ ਮੈਚਾਂ ਵਿੱਚ 37.59 ਦੀ ਔਸਤ ਨਾਲ 87 ਵਿਕਟਾਂ, 53 ਵਨ ਡੇ ਮੈਚਾਂ ਵਿੱਚ 33.44 ਦੀ ਔਸਤ ਨਾਲ 75 ਜਦਕਿ 10 ਕੌਮਾਂਤਰੀ T-20 ਮੈਚਾਂ ਵਿੱਚ 41.14 ਦੀ ਔਸਤ ਨਾਲ ਸੱਤ ਵਿਕਟਾਂ ਹਾਸਿਲ ਕੀਤੀਆਂ।