ਉਮੇਸ਼ ਚਤੁਰਵੇਦੀ
ਬੌਲੀਵੁਡ ਅਤੇ ਸਿਆਸਤ ਵਿਚਕਾਰ ਰਿਸ਼ਤਾ ਕਾਫ਼ੀ ਪੁਰਾਣਾ ਹੈ। ਫ਼ਿਰ ਵੀ ਪਿਛਲੇ ਕੁਝ ਸਮੇਂ ਤਕ ਫ਼ਿਲਮ ਜਗਤ ਨਾਲ ਜੁੜੀਆਂ ਹਸਤੀਆਂ ਰਾਜਨੀਤਕ ਮੁੱਦਿਆਂ ‘ਤੇ ਕੁਝ ਵੀ ਕਹਿਣ ਤੋਂ ਬਚਦੀਆਂ ਸਨ। ਵੱਡੇ ਫ਼ਿਲਮਸਾਜ਼ ਹੋਣ ਜਾਂ ਕਲਾਕਾਰ ਸਿਆਸੀ ਮੁੱਦਿਆਂ ‘ਤੇ ਅਕਸਰ ਚੁੱਪ ਧਾਰ ਲੈਂਦੇ ਸਨ। ਹੁਣ ਬੌਲੀਵੁਡ ਦਾ ਨਜ਼ਰੀਆ ਬਦਲ ਗਿਆ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਫ਼ਿਲਮੀ ਦੁਨੀਆਂ ਨਾਲ ਜੁੜੇ ਲੋਕ ਕਿਸੇ ਵੀ ਰਾਜਨੀਤਕ ਮਸਲੇ ‘ਤੇ ਨਾ ਸਿਰਫ਼ ਆਪਣੀ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ ਬਲਕਿ ਖੁੱਲ੍ਹ ਕੇ ਆਪਣਾ ਵਿਰੋਧ ਅਤੇ ਸਮਰਥਨ ਵੀ ਪ੍ਰਗਟ ਕਰ ਰਹੇ ਹਨ। ਉਹ ਰਾਜਨੀਤੀ ਨਾਲ ਜੁੜੇ ਮਸਲਿਆਂ ‘ਤੇ ਆਪਣਾ ਰੁਖ਼ ਰੱਖਣ ਤੋਂ ਝਿਜਕਦੇ ਨਹੀਂ ਹਨ ਬਲਕਿ ਇਨ੍ਹਾਂ ਮਾਮਲਿਆਂ ਲਈ ਇੱਕ ਦੂਜੇ ਨਾਲ ਭਿੜ ਵੀ ਰਹੇ ਹਨ।
ਸਾਲ 1999 ਦੀ ਗੱਲ ਹੈ। ਮੀਰਾ ਨਾਇਰ ਦੀ ਫ਼ਿਲਮ ਵਾਟਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਸ਼ਬਾਨਾ ਆਜ਼ਮੀ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਬਨਾਰਸ ਵਿੱਚ ਹੋ ਰਹੀ ਸੀ, ਪਰ ਸ਼ਿਵਸੈਨਾ ਦੇ ਬਨਾਰਸੀ ਕਾਰਕੁਨਾਂ ਨੇ ਇਸ ਫ਼ਿਲਮ ਖ਼ਿਲਾਫ਼ ਹੱਲਾ ਬੋਲ ਦਿੱਤਾ। ਉਨ੍ਹਾਂ ਨੇ ਸ਼ੂਟਿੰਗ ਨਹੀਂ ਹੋਣ ਦਿੱਤੀ, ਪਰ ਪੂਰਾ ਬੌਲੀਵੁਡ ਇਸ ਨੂੰ ਲੈ ਕੇ ਅਜੀਬ ਜਿਹੀ ਚੁੱਪ ਧਾਰ ਕੇ ਬੈਠਾ ਸੀ।
ਇਸ ਘਟਨਾ ਦੇ ਦੋ ਦਹਾਕੇ ਬਾਅਦ ਬੌਲੀਵੁਡ ਦਾ ਨਜ਼ਾਰਾ ਬਦਲ ਗਿਆ ਹੈ। ਹੁਣ ਬੌਲੀਵੁਡ ਨਾ ਸਿਰਫ਼ ਖੁੱਲ੍ਹ ਕੇ ਬੋਲਦਾ ਹੈ ਬਲਕਿ ਦੋ ਗਰੁੱਪਾਂ ਵਿੱਚ ਵੰਡਿਆ ਹੋਇਆ ਵੀ ਨਜ਼ਰ ਆ ਰਿਹਾ ਹੈ। ਫ਼ਿਲਮੀ ਹਸਤੀਆਂ ਵਿਚਕਾਰ ਇਹ ਵੰਡ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਜਨਸੰਖਿਆ ਰੈਜਿਸਟਰ ਨੂੰ ਲੈ ਕੇ ਨਜ਼ਰ ਆ ਰਹੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀ ਅੰਦੋਲਨ ਦੇ ਨਾਲ ਹੀ ਨਾਗਰਿਕਤਾ ਸੋਧ ਕਾਨੂੰਨ, ਰਾਸ਼ਟਰੀ ਜਨਸੰਖਿਆ ਰੈਜਿਸਟਰ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਨਸੀਰੂਦੀਨ ਸ਼ਾਹ, ਅਨੁਰਾਗ ਕਸ਼ਿਅਪ, ਵਿਸ਼ਾਲ ਭਾਰਦਵਾਜ, ਅਨੁਭਵ ਸਿਨਹਾ, ਦੀਪਿਕਾ ਪਾਦੁਕੋਣ, ਫ਼ਰਹਾਨ ਅਖ਼ਤਰ, ਸੁਸ਼ਾਂਤ ਸਿੰਘ, ਸਵ੍ਰਾ ਭਾਸਕਰ, ਨੰਦਿਤਾ ਦਾਸ, ਜਾਵੇਦ ਅਖ਼ਤਰ, ਸ਼ਬਾਨਾ ਆਜ਼ਮੀ ਅਤੇ ਅਨੁਰਾਗ ਬਸੁ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਦੂਜੇ ਪਾਸੇ ਅਨੁਪਮ ਖੇਰ, ਕੰਗਨਾ ਰਣੌਤ, ਪਰੇਸ਼ ਰਾਵਲ, ਵਿਵੇਕ ਓਬਰਾਏ, ਪ੍ਰਸੂਨ ਜੋਸ਼ੀ, ਮਧੁਰ ਭੰਡਾਰਕਰ ਅਤੇ ਵਿਵੇਕ ਅਗਨੀਹੋਤਰੀ ਵਰਗੇ ਅਭਿਨੇਤਾ ਅਤੇ ਨਿਰਦੇਸ਼ਕ ਹਨ ਜੋ ਮੋਦੀ ਸਰਕਾਰ ਖ਼ਿਲਾਫ਼ ਖੜ੍ਹੀਆਂ ਹਸਤੀਆਂ ਪ੍ਰਤੀ ਹਮਲਾਵਰ ਰੁਖ਼ ਅਪਨਾ ਰਹੇ ਹਨ।
ਫ਼ੀਸ ਵਾਧਾ ਅਤੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ JNU ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਦੀਪਿਕਾ ਪਾਦੁਕੋਣ ਪਹੁੰਚ ਗਈ। ਇਸ ਦੇ ਅਗਲੇ ਹੀ ਦਿਨ ਉਸ ਦੀ ਫ਼ਿਲਮ ਛਪਾਕ ਰਿਲੀਜ਼ ਹੋਣੀ ਸੀ। ਬੇਸ਼ੱਕ ਇਸ ਵਿੱਚ ਦੀਪਿਕਾ ਕੁਝ ਵੀ ਨਹੀਂ ਬੋਲੀ, ਪਰ ਉਸ ਦੀ ਮੌਜੂਦਗੀ ਨੇ ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਦਾ ਪਾਰਾ ਵਧਾ ਦਿੱਤਾ। ਇਸ ਤੋਂ ਨਾਰਾਜ਼ ਵਰਗ ਨੇ ਤੇਜ਼ਾਬ ਪੀੜਤ ਔਰਤਾਂ ਦੀ ਸਮੱਸਿਆ ‘ਤੇ ਬਣੀ ਸੰਜੀਦਾ ਫ਼ਿਲਮ ਛਪਾਕ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਟਵਿਟਰ ‘ਤੇ ਬਾਈਕਾਟ ਛਪਾਕ ਟ੍ਰੈਂਡ ਕਰਨ ਲੱਗਿਆ। ਇਸ ਦਾ ਅਸਰ ਫ਼ਿਲਮ ‘ਤੇ ਬਹੁਤ ਪਿਆ।
ਛਪਾਕ ਦਾ ਬਾਈਕਾਟ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਬੌਲੀਵੁਡ ਦੇ ਇੱਕ ਵਰਗ ਨੇ ਅਸਹਿਣਸ਼ੀਲਤਾ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਲਗਭਗ ਇਕੱਠੇ ਹੀ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੇ ਦਿਗਜ ਅਭਿਨੇਤਾ ਵੀ ਇੱਕ ਦੂਜੇ ਦੇ ਸਾਹਮਣੇ ਆ ਗਏ। ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਜਣਗਣਨਾ ਰੈਜਿਸਟਰ ਦਾ ਵਿਰੋਧ ਕਰਦੇ ਹੋਏ ਨਸੀਰੂਦੀਨ ਸ਼ਾਹ ਨੇ ਇੱਕ ਪ੍ਰੋਗਰਾਮ ਵਿੱਚ ਅਨੁਪਮ ਖੇਰ ਨੂੰ ਨਾ ਸਿਰਫ਼ ਜੋਕਰ ਦੱਸਿਆ, ਬਲਕਿ ਲੋਕਾਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਅਨੁਪਮ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲੈਣ। ਅਨੁਪਮ ਨੇ ਵੀ ਫ਼ਿਰ ਉਸ ਨੂੰ ਕੌੜਾ ਜਵਾਬ ਦਿੱਤਾ। ਇਹ ਉਹ ਹੀ ਨਸੀਰੂਦੀਨ ਸ਼ਾਹ ਹੈ ਜਿਸ ਨੂੰ ਕਦੇ ਵਾਟਰ ਫ਼ਿਲਮ ‘ਤੇ ਜਾਰੀ ਵਿਵਾਦ ‘ਤੇ ਪ੍ਰਤੀਕਿਰਿਆ ਦੇਣ ਵਿੱਚ ਕਾਫ਼ੀ ਦਿੱਕਤ ਮਹਿਸੂਸ ਹੋਈ ਸੀ, ਪਰ ਅੱਜ ਉਹ ਖੁੱਲ੍ਹ ਕੇ ਬੋਲਦਾ ਹੈ।
ਰਾਜਨੀਤਕ ਮੁੱਦਿਆਂ ‘ਤੇ ਵਿਰੋਧ ਲਈ ਫ਼ਿਲਮਾਂ ਵੀ ਬਣ ਰਹੀਆਂ ਹਨ। ਇੱਕ ਸਾਲ ਪਹਿਲਾਂ ਜ਼ੋਆ ਅਖ਼ਤਰ ਦੀ ਫ਼ਿਲਮ ਆਈ ਸੀ ਗਲੀ ਬੌਇ। ਉਸ ਫ਼ਿਲਮ ਦੇ ਇੱਕ ਗੀਤ ਵਿੱਚ JNU ਦੇ ਵਿਦਿਆਰਥੀ ਕਨ੍ਹੱਈਆ ਕੁਮਾਰ ਦੇ ਆਜ਼ਾਦੀ ਦੇ ਨਾਅਰੇ ‘ਤੇ ਆਧਾਰਿਤ ਰੈਪ ਵੀ ਸੀ। ਪਰ ਜਦੋਂ ਇੱਕ ਸਮਾਗਮ ਵਿੱਚ ਫ਼ਿਲਮ ਦੇ ਮੁੱਖ ਕਿਰਦਾਰ ਰਣਵੀਰ ਸਿੰਘ ਤੋਂ ਇਸ ਸਬੰਧੀ ਸੁਆਲ ਪੁੱਛਿਆ ਤਾਂ ਉਸ ਨੇ ਖ਼ੁਦ ਨੂੰ ਗ਼ੈਰ ਸਿਆਸੀ ਆਖਦਿਆਂ ਦੇਰ ਨਹੀਂ ਲਗਾਈ। ਫ਼ਿਲਮ ਦੀ ਅਭਿਨੇਤਰੀ ਆਲੀਆ ਭੱਟ ਦੀ ਵੀ ਇਹੀ ਪ੍ਰਤੀਕਿਰਿਆ ਸੀ, ਪਰ ਥੋੜ੍ਹੇ ਦਿਨਾਂ ਬਾਅਦ ਉਹ ਦੋਵੇਂ ਹੋਰ ਅਦਾਕਾਰਾਂ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਗਏ ਅਤੇ ਉਨ੍ਹਾਂ ਨਾਲ ਸੈਲਫ਼ੀ ਵੀ ਲਈ। ਹੁਣ ਸੁਆਲ ਇਹ ਸੀ ਕਿ ਉਹ ਪ੍ਰਧਾਨ ਮੰਤਰੀ ਨਾਲ ਸੈਲਫ਼ੀ ਅਤੇ ਕਨ੍ਹੱਈਆ ਕੁਮਾਰ ਦੇ ਆਜ਼ਾਦੀ ਦੇ ਨਾਅਰੇ ਵਾਲੇ ਰੈਪ ਵਿੱਚ ਖ਼ੁਦ ਨੂੰ ਕਿੱਥੇ ਰੱਖਦੇ ਹਨ।
ਦਰਅਸਲ, ਬੌਲੀਵੁਡ ਦੀਆਂ ਫ਼ਿਲਮਾਂ ‘ਤੇ ਕਰੋੜਾਂ ਵਿੱਚ ਪੈਸਾ ਲੱਗਦਾ ਹੈ। ਜੇਕਰ ਕਿਸੇ ਫ਼ਿਲਮ ‘ਤੇ ਵਿਵਾਦ ਹੋਇਆ ਜਾਂ ਜੇਕਰ ਵਾਟਰ ਵਰਗੀ ਫ਼ਿਲਮ ਦੀ ਸ਼ੂਟਿੰਗ ਰੁਕ ਗਈ ਤਾਂ ਨਿਰਮਾਤਾ-ਨਿਰਦੇਸ਼ਕ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਇਹੀ ਕਾਰਨ ਹੈ ਕਿ ਬੌਲੀਵੁਡ ਰਾਜਨੀਤਕ ਮਸਲਿਆਂ ‘ਤੇ ਆਪਣਾ ਸਪੱਸ਼ਟ ਰੁਖ਼ ਪ੍ਰਗਟਾਉਣ ਤੋਂ ਹਿਚਕ ਜਾਂਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੇ ਬਿਆਨ ਤੋਂ ਬਾਅਦ ਵਿਵਾਦ ਹੋਇਆ ਤਾਂ ਨਿਰਮਾਤਾਵਾਂ ਦੀ ਕਰੋੜਾਂ ਦੀ ਪੂੰਜੀ ਡੁੱਬ ਸਕਦੀ ਹੈ। ਇਹੀ ਕਾਰਨ ਹੈ ਕਿ ਫ਼ਿਲਮਸਾਜ਼, ਅਦਾਕਾਰ ਵਿਵਾਦਾਂ ਤੋਂ ਬਚਦੇ ਹਨ। ਜੇਕਰ ਦਬਾਅ ਬਣੇ ਤਾਂ ਉਹ ਕਲਾਕਾਰ ਹੋਣ ਦਾ ਹਵਾਲਾ ਦੇ ਕੇ ਕਿਨਾਰਾ ਕਰਦੇ ਹਨ।
ਅਤੀਤ ਵਿੱਚ ਦੇਵ ਆਨੰਦ, ਅੱਬਾਸ, ਕਿਸ਼ੋਰ ਕੁਮਾਰ ਅਤੇ ਵਿਜੇ ਆਨੰਦ ਅਪਵਾਦ ਰਹੇ ਹਨ ਜਿਨ੍ਹਾਂ ਨੇ ਐਮਰਜੰਸੀ ਦੌਰਾਨ ਇੰਦਰਾ ਗਾਂਧੀ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦੇ ਵਿਰੋਧ ਕਾਰਨ ਉਸ ਦੌਰਾਨ ਫ਼ਿਲਮਾਂ ‘ਤੇ ਕੈਂਚੀ ਚੱਲੀ। ਜਦੋਂ ਐਮਰਜੰਸੀ ਖ਼ਤਮ ਹੋਈ ਤਾਂ ਇਨ੍ਹਾਂ ਸਾਰਿਆਂ ਨੇ ਹੋਰਾਂ ਨੂੰ ਨਾਲ ਲੈ ਕੇ ਆਪਣੀ ਨੈਸ਼ਨਲ ਪਾਰਟੀ ਦਾ ਗਠਨ ਕਰ ਲਿਆ ਜਿਸ ਦਾ ਕਈ ਹੋਰ ਸਿਤਾਰਿਆਂ ਨੇ ਵੀ ਸਮਰਥਨ ਕੀਤਾ। ਚੋਣਾਂ ਤੋਂ ਬਾਅਦ ਕਾਂਗਰਸ ਨੇਤਾਵਾਂ ਨੇ ਫ਼ਿਲਮੀ ਹਸਤੀਆਂ ਨੂੰ ਸਮਝਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਕਾਰਨ ਫ਼ਿਲਮ ਉਦਯੋਗ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲਿਹਾਜ਼ਾ ਪਾਰਟੀ ਹੌਲੀ ਹੌਲੀ ਕਰ ਕੇ ਖ਼ਤਮ ਹੋ ਗਈ।
ਉਸ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਸੁਨੀਲ ਦੱਤ, ਵੈਜੰਤੀਮਾਲਾ ਅਤੇ ਅਮਿਤਾਭ ਬੱਚਨ ਨੂੰ ਟਿਕਟ ਦਿੱਤੀ ਅਤੇ ਤਿੰਨੋਂ ਹੀ ਜਿੱਤ ਗਏ। ਫ਼ਿਰ ਬਾਅਦ ਦੇ ਸਾਲਾਂ ਵਿੱਚ ਕਈ ਅਭਿਨੇਤਾ ਕਾਂਗਰਸ ਅਤੇ ਭਾਜਪਾ ਵਲੋਂ ਚੋਣਾਂ ਵਿੱਚ ਆਹਮੋ-ਸਾਹਮਣੇ ਵੀ ਹੋਏ, ਪਰ ਬੌਲੀਵੁਡ ਵਿੱਚ ਇਨ੍ਹਾਂ ਦਾ ਆਪਸੀ ਵਿਵਾਦ ਨਹੀਂ ਹੋਇਆ, ਪਰ ਜਦੋਂ ਤੋਂ ਕੇਂਦਰ ਵਿੱਚ ਨਰੇਂਦਰ ਮੋਦੀ ਦੀ ਸਰਕਾਰ ਆਈ ਹੈ, ਬੌਲੀਵੁਡ ਵਿੱਚ ਆਪਸੀ ਵਿਵਾਦ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਜਦੋਂ ਪਹਿਲਾਜ ਨਿਹਲਾਨੀ ਨੂੰ ਸੈਂਸਰ ਬੋਰਡ ਦਾ ਮੁਖੀ ਬਣਾਇਆ ਗਿਆ ਤਾਂ ਬੌਲੀਵੁਡ ਮੋਦੀ ਦੇ ਇਸ ਫ਼ੈਸਲੇ ਖ਼ਿਲਾਫ਼ ਅੜ ਗਿਆ। ਉਸ ਤੋਂ ਬਾਅਦ ਜਦੋਂ ਪੁਣੇ ਦੇ ਪ੍ਰਸਿੱਧ ਫ਼ਿਲਮ ਅਤੇ ਟੈਲੀਵਿਯਨ ਇਨਸਟੀਚਿਊਟ ਦਾ ਮੁਖੀ ਅਦਾਕਾਰ ਗਜਿੰਦਰ ਚੌਹਾਨ ਨੂੰ ਬਣਾਇਆ ਗਿਆ ਤਾਂ ਉੱਥੋਂ ਦੇ ਵਿਦਿਆਰਥੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਵਿਰੋਧ ਨੂੰ ਫ਼ਿਲਮੀਂ ਦੁਨੀਆਂ ਦਾ ਸਮਰਥਨ ਵੀ ਹਾਸਿਲ ਸੀ।
ਰਾਸ਼ਟਰਵਾਦੀ ਖ਼ੇਮੇ ਵਲੋਂ ਅਰਬਨ ਨਕਸਲ ਫ਼ਿਲਮ ਬਣਾ ਚੁੱਕੇ ਫ਼ਿਲਮਸਾਜ਼ ਵਿਵੇਕ ਅਗਨੀਹੋਤਰੀ, ਭਾਜਪਾ ਦੀ ਸੰਸਦ ਮੈਂਬਰ ਦੇ ਪਤੀ ਅਨੁਪਮ ਖੇਰ ਅਤੇ ਕੰਗਨਾ ਰਣੌਤ ਹਰ ਮੋਰਚੇ ‘ਤੇ ਮੋਦੀ ਵਿਰੋਧੀਆਂ ਨੂੰ ਆਪਣੇ ਅੰਦਾਜ਼ ਵਿੱਚ ਜਵਾਬ ਦੇ ਰਹੇ ਹਨ। ਜਦੋਂ ਉੱਤਰ ਪ੍ਰਦੇਸ਼ ਵਿੱਚ ਅਖ਼ਲਾਕ ਦੀ ਹੱਤਿਆ ਹੋਈ ਤਾਂ ਉਨ੍ਹਾਂ ਦਿਨਾਂ ਵਿੱਚ ਮੋਦੀ ਵਿਰੋਧੀਆਂ ਨੇ ਮੌਬ ਲਿਚਿੰਗ ਨਾਂ ਦਾ ਨਵਾਂ ਸ਼ਬਦ ਦਿੱਤਾ। ਸ਼ਾਹਰੁਖ਼ ਖ਼ਾਨ ਅਤੇ ਆਮਿਰ ਖ਼ਾਨ ਤਕ ਨੇ ਡਰ ਲੱਗਦਾ ਹੈ ਨਾਂ ਦਾ ਨਾਅਰਾ ਦਿੱਤਾ ਸੀ। ਇਸ ਦੀ ਇੰਨੀ ਤਿੱਖੀ ਪ੍ਰਤੀਕਿਰਿਆ ਹੋਈ ਕਿ ਆਮਿਰ ਦੀ ਫ਼ਿਲਮ ਠੱਗਜ਼ ਔਫ਼ ਹਿੰਦੋਸਤਾਨ ਅਤੇ ਸ਼ਾਹਰੁਖ਼ ਦੀ ਫ਼ਿਲਮ ਫ਼ੈਨ ਬੁਰੀ ਤਰ੍ਹਾਂ ਫ਼ਲੌਪ ਹੋ ਗਈਆਂ ਕਿਉਂਕਿ ਲੋਕਾਂ ਨੇ ਦੋਹਾਂ ਦੀਆਂ ਫ਼ਿਲਮਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ। ਓਦੋਂ ਤੋਂ ਇਹ ਦੋਵੇਂ ਸਿਤਾਰੇ ਵਿਵਾਦਾਂ ਵਿੱਚ ਪੈਣ ਤੋਂ ਬਚਦੇ ਹਨ। ਅਜਿਹੇ ਦੌਰ ਵਿੱਚ ਸਲਮਾਨ ਖ਼ਾਨ ਅਤੇ ਅਮਿਤਾਭ ਬੱਚਨ ਵਰਗੀਆਂ ਵੱਡੀਆਂ ਫ਼ਿਲਮੀ ਹਸਤੀਆਂ ਵੀ ਸਭ ਸਿਆਸੀ ਮਾਮਲਿਆਂ ‘ਤੇ ਚੁੱਪ ਹਨ।
ਅਤੀਤ ਦੇ ਅਪਵਾਦਾਂ ਨੂੰ ਛੱਡ ਦਈਏ ਤਾਂ ਬੌਲੀਵੁਡ ਰਾਜਨੀਤਕ ਰੁਝਾਨਾਂ ਦਾ ਨਾ ਸਿਰਫ਼ ਫ਼ਿਲਮਾਂ ਜ਼ਰੀਏ ਫ਼ਾਇਦਾ ਉਠਾਉਂਦਾ ਹੈ ਬਲਕਿ ਉਨ੍ਹਾਂ ਜ਼ਰੀਏ ਆਪਣੇ ਵਿਚਾਰਾਂ ਨੂੰ ਪ੍ਰਗਟ ਵੀ ਕਰਦਾ ਹੈ। ਕੁਝ ਸਾਲ ਪਹਿਲਾਂ ਫ਼ਿਲਮ ਉੜਤਾ ਪੰਜਾਬ ਨੂੰ ਜਿੱਥੇ ਆਮ ਆਦਮੀ ਪਾਰਟੀ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਮੰਨਿਆ ਗਿਆ, ਉੱਥੇ ਵਿਵੇਕ ਅਗਨੀਹੋਤਰੀ ਦੀ ਨਿਰਦੇਸ਼ਿਤ ਅਤੇ ਵਿਵੇਕ ਓਬਰਾਏ ਦੀ ਭੂਮਿਕਾ ਵਾਲੀ ਨਰੇਂਦਰ ਮੋਦੀ ਤਾਂ ਪ੍ਰਧਾਨ ਮੰਤਰੀ ਦੀ ਬਾਇਓਪਿਕ ਹੀ ਸੀ। ਇਸ ਤਰ੍ਹਾਂ ਹੀ ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ ਵਿੱਚ ਮਨਮੋਹਨ ਸਿੰਘ ਦੇ ਸ਼ਾਂਤ ਚਰਿੱਤਰ ‘ਤੇ ਸੁਆਲ ਉਠਾਇਆ ਗਿਆ ਸੀ। ਯੰਗਸਿਤਾਨ ਨਾਂ ਦੀ ਫ਼ਿਲਮ ਵਿੱਚ ਕਿਹਾ ਗਿਆ ਕਿ ਉਸ ਦਾ ਚਰਿੱਤਰ ਰਾਹੁਲ ਗਾਂਧੀ ਨਾਲ ਮਿਲਦਾ ਹੈ। ਮਧੁਰ ਭੰਡਾਰਕਰ ਨੇ ਇੰਦੂ ਸਰਕਾਰ ਬਾਰੇ ਕਿਹਾ ਗਿਆ ਕਿ ਇਹ ਇੰਦਰਾ ਗਾਂਧੀ ਦੇ ਚਰਿੱਤਰ ‘ਤੇ ਆਧਾਰਿਤ ਹੈ। ਇਨ੍ਹਾਂ ਫ਼ਿਲਮਾਂ ਜ਼ਰੀਏ ਬੌਲੀਵੁਡ ਨੇ ਆਪਣੇ ਰਾਜਨੀਤਕ ਰੁਝਾਨ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ। ਇਸ ਤਰ੍ਹਾਂ ਹੀ ਵਿੱਕੀ ਕੌਸ਼ਲ ਦੀ ਫ਼ਿਲਮ ਉਰੀ ਵਿੱਚ ਮੋਦੀ ਸਰਕਾਰ ਦੀ ਸਰਜੀਕਲ ਸਟਰਾਈਕ ਦਾ ਹੀ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਕੁਝ ਅਪਵਾਦਾਂ ਨੂੰ ਛੱਡ ਦਿੱਤਾ ਜਾਵੇ ਤਾਂ ਬੌਲੀਵੁਡ ਆਪਸ ਵਿੱਚ ਲੜਦਾ ਅਤੇ ਖ਼ੇਮਿਆਂ ਵਿੱਚ ਵੰਡਿਆ ਹੋਇਆ ਘੱਟ ਹੀ ਨਜ਼ਰ ਆਇਆ ਹੈ, ਪਰ ਹੁਣ ਅਜਿਹਾ ਸਾਫ਼ ਨਜ਼ਰ ਆ ਰਿਹਾ ਹੈ।












