ਅਗਲੇ ਸਾਲ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ ਵਰੁਣ ਧਵਨ

ਬੌਲੀਵੁਡ ਅਦਾਕਾਰ ਵਰੁਣ ਧਵਨ ਜਲਦ ਹੀ ਫ਼ਿਲਮ ਸਟ੍ਰੀਟ ਡਾਂਸਰ 3-D ‘ਚ ਨਜ਼ਰ ਆਉਣ ਵਾਲਾ ਹੈ। ਆਪਣੀ ਫ਼ਿਲਮ ਤੋਂ ਇਲਾਵਾ ਵਰੁਣ ਧਵਨ ਅੱਜਕੱਲ੍ਹ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਦੀਆਂ ਖ਼ਬਰਾਂ ਕਾਰਨ ਕਾਫ਼ੀ ਚਰਚਾ ‘ਚ ਹੈ। ਦੱਸਿਆ ਜਾ ਰਿਹਾ ਹੈ ਕਿ ਵਰੁਣ ਸਾਲ 2020 ‘ਚ ਅਪ੍ਰੈਲ ਮਹੀਨੇ ਵਿਆਹ ਕਰੇਗਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖ਼ਬਰਾਂ ਮੁਤਾਬਿਕ, ਵਰੁਣ ਧਵਨ ਅਤੇ ਨਤਾਸ਼ਾ ਅਗਲੇ ਸਾਲ ਅਪ੍ਰੈਲ ਦੇ ਅ:ਖੀਰ ‘ਚ ਜਾਂ ਮਈ ਮਹੀਨੇ ਦੇ ਸ਼ੁਰੂ ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ।
ਦੋਹਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜਦੋਂ ਵਰੁਣ ਧਵਨ ਨੂੰ ਉਸ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਖ਼ਬਰ ਨੂੰ ਮੁੱਢ ਤੋਂ ਹੀ ਨਕਾਰ ਦਿੱਤਾ ਸੀ, ਪਰ ਉਸ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਵਰੁਣ ਦੇ ਵਿਆਹ ਦੀ ਖ਼ਬਰ ਪੂਰੀ ਤਰ੍ਹਾਂ ਸਹੀ ਹੈ। ਵਰੁਣ ਧਵਨ ਤੋਂ ਪਹਿਲਾਂ ਨਤਾਸ਼ਾ ਨੇ ਵੀ ਵਿਆਹ ਦੀ ਖ਼ਬਰ ਬਾਰੇ ਕਿਹਾ ਸੀ ਕਿ ਉਹ ਦੋਹੇਂ ਜਲਦ ਹੀ ਇਸ ਬਾਰੇ ਸੋਚਣਗੇ।
ਦੱਸ ਦੇਈਏ ਕਿ ਵਰੁਣ ਧਵਨ ਅਤੇ ਸਾਰ੍ਹਾ ਅਲੀ ਖ਼ਾਨ ਸਟਾਰਰ ਫ਼ਿਲਮ ਕੁਲੀ ਨੰਬਰ 1 ਵੀ 1 ਮਈ 2020 ਨੂੰ ਰਿਲੀਜ਼ ਹੋਣ ਵਾਲੀ ਹੈ, ਅਜਿਹੇ ‘ਚ ਵਿਆਹ ਦੀ ਤਰੀਕ ਦਾ ਬਦਲਣਾ ਮੁਮਕਿਨ ਹੈ। ਇਸ ਤੋਂ ਇਲਾਵਾ ਵਰੁਣ ਦੀ ਫ਼ਿਲਮ ਸਟ੍ਰੀਟ ਡਾਂਸਰ 3-D ਵੀ ਜਲਦ ਹੀ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।