ਅਮਰ ਸਿੰਘ ਚਮਕੀਲਾ ‘ਤੇ ਬਣ ਰਹੀ ਹੈ ਬਾਇਓਪਿਕ

ਪ੍ਰਸਿੱਧ ਫ਼ਿਲਮ ਨਿਰਮਾਤਾ ਇਮਤਿਆਜ਼ ਅਲੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ‘ਤੇ ਇੱਕ ਫ਼ਿਲਮ ਬਣਾਉਣ ਜਾ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਇਮਤਿਆਜ਼ ਅਲੀ ਨੇ ਅਮਰ ਸਿੰਘ ਚਮਕੀਲਾ ਦੇ ਪਰਿਵਾਰ ਤੋਂ ਫ਼ਿਲਮ ਬਣਾਉਣ ਦੀ ਆਗਿਆ ਵੀ ਲੈ ਲਈ ਹੈ ਅਤੇ ਇਸ ਦੀ ਕਹਾਣੀ ‘ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਫ਼ਿਲਮ ‘ਚ ਚਮਕੀਲੇ ਦੀ ਭੂਮਿਕਾ ਨਿਭਾਉਣ ਲਈ ਇਮਤਿਆਜ਼ ਅਲੀ ਨੇ ਬੌਲੀਵੁਡ ਐਕਟਰ ਕਾਰਤਿਕ ਆਰਿਅਨ ਤੇ ਆਯੂਸ਼ਮਾਨ ਖੁਰਾਣਾ ਨਾਲ ਸਪੰਰਕ ਵੀ ਕੀਤਾ ਹੈ। ਇਮਤਿਆਜ਼ ਅਲੀ ਨੂੰ ਲੱਗਦਾ ਹੈ ਕਿ ਇਹ ਦੋਹੇਂ ਅਦਾਕਾਰ ਚਮਕੀਲੇ ਦੇ ਕਿਰਦਾਰ ਲਈ ਫ਼ਿੱਟ ਬੈਠਣਗੇ।
ਇਮਤਿਆਜ਼ ਅਲੀ ਇਨ੍ਹੀਂ ਦਿਨੀਂ ਫ਼ਿਲਮ ਆਜਕੱਲ੍ਹ ਦੀ ਫ਼ਾਈਨਲ ਐਡਿਟਿੰਗ ‘ਚ ਰੁੱਝੇ ਹੋਏ ਹਨ। ਇਸ ਫ਼ਿਲਮ ‘ਚ ਕਾਰਤਿਕ ਆਰਿਅਨ ਅਤੇ ਸਾਰ੍ਹਾ ਅਲੀ ਖ਼ਾਨ ਲੀਡ ਭੂਮਿਕਾ ‘ਚ ਹਨ। ਇਸ ਫ਼ਿਲਮ ਦੇ ਖ਼ਤਮ ਹੋਣ ਤੋਂ ਬਾਅਦ ਉਹ ਅਮਰ ਸਿੰਘ ਚਮਕੀਲਾ ‘ਤੇ ਕੰਮ ਸ਼ੁਰੂ ਕਰਨਗੇ।
ਅਮਰ ਸਿੰਘ ਚਮਕੀਲਾ ਦੀ ਗੱਲ ਕੀਤੀ ਜਾਵੇ ਤਾਂ ਚਮਕੀਲਾ ਪੰਜਾਬ ਦਾ ਉਹ ਹਿੱਟ ਗਾਇਕ ਸੀ ਜਿਸ ਨੇ ਬਹੁਤ ਹੀ ਛੋਟੀ ਉਮਰ ‘ਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ। ਇੱਕ ਗ਼ਰੀਬ ਪਰਿਵਾਰ ‘ਚ ਜਨਮੇ ਚਮਕੀਲੇ ਨੇ ਗਾਇਕੀ ਦੇ ਖੇਤਰ ‘ਚ ਆਉਣ ਲਈ ਕਾਫ਼ੀ ਮਿਹਨਤ ਕੀਤੀ ਅਤੇ ਬਹੁਤ ਘੱਟ ਸਮੇਂ ‘ਚ ਪੰਜਾਬ ਦਾ ਹਿੱਟ ਗਾਇਕ ਬਣ ਗਿਆ। ਅਫ਼ਸੋਸ, ਚਮਕੀਲੇ ਦੀ ਇਹ ਤਰੱਕੀ ਜ਼ਿਆਦਾ ਸਮਾਂ ਤਕ ਕਾਇਮ ਨਾ ਰਹੀ ਕਿਉਂਕਿ 27 ਸਾਲ ਦੀ ਉਮਰ ‘ਚ ਇੱਕ ਅਖਾੜੇ ਦੌਰਾਨ ਚਮਕੀਲੇ ਅਤ ਅਮਰਜੋਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੋਹਾਂ ਦੀ ਮੌਤ ਦਾ ਭੇਦ ਅੱਜ ਵੀ ਬਰਕਰਾਰ ਹੈ।