ਅਸੀਮ ਚਕਰਵਰਤੀ
ਲਕਸ਼ਮੀਕਾਂਤ-ਪਿਆਰੇਲਾਲ, ਜਤਿਨ-ਲਲਿਤ, ਅਨੂ ਮਲਿਕ, ਕੁਮਾਰ ਸਾਨੂ, ਅਲਕਾ ਯਾਗਨਿਕ, ਉਦਿੱਤ ਨਾਰਾਇਣ, ਕਵਿਤਾ ਕ੍ਰਿਸ਼ਨਾਮੂਰਤੀ ਆਦਿ ਫ਼ਿਲਮ ਸੰਗੀਤ ਦੇ ਪੰਡਿਤਾਂ ਨੂੰ ਰਿਐਲਿਟੀ ਸ਼ੋਅਜ਼ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਦੇਖਣਾ ਚੰਗਾ ਲੱਗਦਾ ਹੈ। ਜੇਕਰ ਅਸੀਂ ਚੈਨਲ ਦੇ ਸੂਤਰਾਂ ਦੀ ਗੱਲ ‘ਤੇ ਯਕੀਨ ਕਰੀਏ ਤਾਂ ਉਨ੍ਹਾਂ ਦੇ ਆਉਣ ਨਾਲ ਸੰਗੀਤ ਦੇ ਰਿਐਲਿਟੀ ਸ਼ੋਅ ਦੀ TRP ਵਿੱਚ ਵੱਡਾ ਉਛਾਲ ਆ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਚੈਨਲ ਆਪਣੇ ਸ਼ੋਅ ਵਿੱਚ ਕਿਸੇ ਨਾ ਕਿਸੇ ਪੁਰਾਣੀ ਸੰਗੀਤਕ ਹਸਤੀ ਨੂੰ ਜ਼ਰੂਰ ਜੋੜਦੇ ਹਨ ਅਤੇ ਉਹ ਜਦੋਂ ਵੀ ਆਉਂਦੇ ਹਨ ਤਾਂ ਸੰਗੀਤ ਦਾ ਖ਼ਜ਼ਾਨਾ ਵੀ ਆਪਣੇ ਨਾਲ ਲੈ ਕੇ ਆਉਂਦੇ ਹਨ। ਜ਼ਿਆਦਾ ਨਹੀਂ ਤਾਂ 90 ਦੇ ਕੁੱਝ ਦਿੱਗਜ ਕਲਾਕਾਰਾਂ ਦੀ ਗੱਲ ਕਰੀਏ ਤਾਂ ਅਲਕਾ, ਉਦਿੱਤ, ਕੁਮਾਰ ਸਾਨੂ, ਅਭਿਜੀਤ, ਆਦਿ ਦੇ ਗੀਤ ਕਿਸੇ ਰਿਐਲਿਟੀ ਸ਼ੋਅ ਵਿੱਚ ਵੱਜਦੇ ਹਨ ਤਾਂ ਉਨ੍ਹਾਂ ਦੀ TRP ਖ਼ੁਦ-ਬ-ਖ਼ੁਦ ਵੱਧ ਜਾਂਦੀ ਹੈ। ਫ਼ਿਰ ਕੀ ਗੱਲ ਹੈ ਕਿ ਇਨ੍ਹਾਂ ਹਿੱਟ ਗਾਇਕਾਂ ਵੀ ਬੌਲੀਵੁਡ ਵਿੱਚ ਅਣਦੇਖੀ ਹੁੰਦੀ ਹੈ। ਕਦੇ ਸਾਲ ਵਿੱਚ ਚਾਲੀ-ਪੰਜਾਹ ਫ਼ਿਲਮਾਂ ਵਿੱਚ ਗੀਤ ਗਾਉਣ ਵਾਲੇ ਇਹ ਗਾਇਕ ਅੱਜ ਮੁਸ਼ਕਿਲ ਨਾਲ ਸਾਲ ਵਿੱਚ ਇੱਕ-ਦੋ ਫ਼ਿਲਮਾਂ ਵਿੱਚ ਹੀ ਗੀਤ ਗਾਉਂਦੇ ਹਨ।
ਇੱਕ ਦੌਰ ਸੀ ਜਦੋਂ ਹਰ ਵੱਡੀ ਫ਼ਿਲਮ ਵਿੱਚ ਉਦਿੱਤ ਦੇ ਦੋ-ਤਿੰਨ ਗੀਤ ਜ਼ਰੂਰ ਹੁੰਦੇ ਸਨ, ਪਰ ਪਿਛਲੇ ਛੇ-ਸੱਤ ਸਾਲ ਤੋਂ ਅਜਿਹਾ ਹੋ ਰਿਹਾ ਹੈ ਕਿ ਹਿੰਦੀ ਫ਼ਿਲਮਾਂ ਵਿੱਚ ਉਸ ਦੀ ਆਵਾਜ਼ ਨਾਂਹ ਦੇ ਬਰਾਬਰ ਸੁਣਨ ਨੂੰ ਮਿਲਦੀ ਹੈ। ਨਵੇਂ ਗਾਇਕਾਂ ਨੂੰ ਮੌਕਾ ਦੇਣ ਦੇ ਨਾਂ ‘ਤੇ ਅੱਜ ਦੇ ਨਵੇਂ ਸੰਗੀਤਕਾਰਾਂ ਨੇ ਉਨ੍ਹਾਂ ਨੂੰ ਲਗਭਗ ਅਣਦੇਖਿਆ ਹੀ ਕਰ ਦਿੱਤਾ ਹੈ। ਉਦਿੱਤ ਦੱਸਦਾ ਹੈ, ”ਮੈਂ ਸ਼ੁਰੂ ਤੋਂ ਹੀ ਆਪਣੀ ਗਾਇਕੀ ਨੂੰ ਕਿਸੇ ਭਾਸ਼ਾ ਦੇ ਦਾਇਰੇ ਵਿੱਚ ਕੈਦ ਨਹੀਂ ਕੀਤਾ। ਅਸਲ ਵਿੱਚ ਮੇਰੇ ਗਾਇਕੀ ਕਰੀਅਰ ਦੀ ਸ਼ੁਰੂਆਤ ਹੀ ਨੇਪਾਲੀ ਫ਼ਿਲਮਾਂ ‘ਚ ਗਾਇਨ ਨਾਲ ਹੋਈ ਸੀ। ਉਸ ਤੋਂ ਬਾਅਦ ਹਿੰਦੀ ਤੋਂ ਇਲਾਵਾ ਮੈਂ ਦੇਸ਼ ਦੀ ਹਰ ਭਾਸ਼ਾ ਵਿੱਚ ਗੀਤ ਗਾਏ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਨੂੰ ਸਿਰਫ਼ ਬੌਲੀਵੁਡ ਦੀਆਂ ਫ਼ਿਲਮਾਂ ਵਿੱਚ ਹੀ ਗਾਉਣਾ ਹੈ।” ਪਿਛਲੇ ਦੋ ਤਿੰਨ ਸਾਲਾਂ ਤੋਂ ਉਨ੍ਹਾਂ ਦੀ ਹਰ ਸਾਲ ਦੋ-ਤਿੰਨ ਫ਼ਿਲਮਾਂ ਵਿੱਚ ਹੀ ਆਵਾਜ਼ ਸੁਣਨ ਨੂੰ ਮਿਲਦੀ ਹੈ।
ਸਿਰਫ਼ ਉਦਿੱਤ ਹੀ ਨਹੀਂ, ਅਨੇਕ ਹਿੱਟ ਫ਼ਿਲਮੀ ਗੀਤ ਗਾਉਣ ਵਾਲੇ ਅਭਿਜੀਤ, ਕੁਮਾਰ ਸਾਨੂ, ਸੋਨੂ ਨਿਗਮ, ਐੱਸ. ਪੀ. ਬਾਲਾ ਸੁਬਰਾਮਨੀਅਮ, ਸੁਰੇਸ਼ ਵਾਡੇਕਰ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਪੂਰਣਿਮਾ, ਸਾਧਨਾ ਸਰਗਮ, ਆਦਿ ਦਾ ਵੀ ਇਹੀ ਹਾਲ ਹੈ। ਜਿਵੇਂ ਕਿ ਇੱਕ ਦਿਨ ਵਿੱਚ 28 ਗੀਤ ਰਿਕਾਰਡ ਕਰਨ ਵਾਲਾ ਕੁਮਾਰ ਸਾਨੂ ਵੀ ਅੱਜਕੱਲ੍ਹ ਸਾਲ ਵਿੱਚ ਮੁਸ਼ਕਿਲ ਨਾਲ ਦੋ-ਤਿੰਨ ਹਿੰਦੀ ਫ਼ਿਲਮਾਂ ਵਿੱਚ ਹੀ ਗਾਉਂਦੈ। ਇੱਕ ਤਰ੍ਹਾਂ ਨਾਲ ਹਿੰਦੀ ਫ਼ਿਲਮੀ ਗਾਇਕੀ ਤੋਂ ਉਹ ਬਾਹਰ ਹੀ ਹੋ ਚੁੱਕਿਆ ਹੈ, ਪਰ ਇਹ ਵੀ ਹੈ ਕਿ ਫ਼ਿਲਮ ਦਮ ਲਗਾ ਕੇ ਹਈਸ਼ਾ ਵਿੱਚ ਉਸ ਦਾ ਅਤੇ ਸਾਧਨਾ ਸਰਗਮ ਦਾ ਗਾਇਆ ਇੱਕ ਗੀਤ ਤੂ ਹੈ ਮੇਰੀ ਪ੍ਰੇਮ ਕੀ ਭਾਸ਼ਾ ਜ਼ਬਰਦਸਤ ਹਿੱਟ ਹੋਇਆ। ਸਾਨੂ ਦਾ ਕਹਿਣਾ ਹੈ, ”ਕੁਝ ਸੰਗੀਤਕਾਰਾਂ ਨੂੰ ਲੱਗਦਾ ਹੈ ਕਿ ਮੈਂ ਫ਼ਿਲਮੀ ਗਾਇਨ ਤੋਂ ਬਾਹਰ ਜਾ ਚੁੱਕਿਆ ਹਾਂ ਜਦੋਂਕਿ ਮੈਂ ਲਗਾਤਾਰ ਰੁੱਝਿਆ ਰਹਿੰਦਾ ਹੈ। ਬੰਗਲਾ ਫ਼ਿਲਮਾਂ ਲਈ ਮੈਂ ਬਰਾਬਰ ਗਾ ਰਿਹਾ ਹਾਂ। ਇਸ ਤੋਂ ਇਲਾਵਾ ਭੋਜਪੁਰੀ, ਤਮਿਲ, ਤੇਲਗੂ, ਆਦਿ ਹਰ ਭਾਸ਼ਾ ਦੇ ਗੀਤਾਂ ਨੂੰ ਲੈ ਕੇ ਰੁੱਝਿਆ ਹੋਇਆ ਹਾਂ। ਸਿੱਧੀ ਜਿਹੀ ਗੱਲ ਹੈ ਕਿ ਗੀਤ ਨਹੀਂ ਗਾਵਾਂਗਾ ਤਾਂ ਕਰਾਂਗਾ ਕੀ ਅਤੇ ਖਾਵਾਂਗਾ ਕਿੱਥੋਂ?”
ਗਾਇਕਾ ਪੂਰਣਿਮਾ ਵੀ ਨੇਪਾਲੀ ਅਤੇ ਮਰਾਠੀ ਫ਼ਿਲਮਾਂ ਵਿੱਚ ਗੀਤ ਗਾ ਕੇ ਸੰਤੁਸ਼ਟ ਹੈ। ਕਈ ਹਿੱਟ ਗੀਤ ਗਾਉਣ ਵਾਲੀ ਸਾਧਨਾ ਸਰਗਮ ਦਾ ਰਿਸ਼ਤਾ ਹਿੰਦੀ ਫ਼ਿਲਮਾਂ ਤੋਂ ਲਗਭਗ ਟੁੱਟ ਚੁੱਕਿਆ ਹੈ, ਪਰ ਤਮਿਲ ਫ਼ਿਲਮਾਂ ਵਿੱਚ ਉਸ ਦੀ ਗਾਇਕੀ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਉਹ ਕਹਿੰਦੀ ਹੈ, ”ਮੈਨੂੰ ਕੋਈ ਅਫ਼ਸੋਸ ਨਹੀਂ। ਮੈਂ ਹਰ ਤਰ੍ਹਾਂ ਦੇ ਗੀਤ ਗਾ ਸਕਦੀ ਹਾਂ, ਇਹ ਮੈਂ ਇੱਕ ਨਹੀਂ ਕਈ ਵਾਰ ਸਾਬਿਤ ਕਰ ਚੁੱਕੀ ਹਾਂ। ਹੁਣ ਹਿੰਦੀ ਵਾਲਿਆਂ ਨੇ ਤਾਂ ਨਾ ਸਹੀ, ਪਰ ਘੱਟੋ-ਘੱਟ ਦੱਖਣ ਦੇ ਸੰਗੀਤ ਨਿਰਦੇਸ਼ਕਾਂ ਨੇ ਹੀ ਮੇਰੀ ਪ੍ਰਤਿਭਾ ਨੂੰ ਸਮਝਿਆ ਹੈ।”
ਇਹ ਸਪੱਸ਼ਟ ਹੈ ਕਿ ਬੌਲੀਵੁਡ ਵਿੱਚ ਪ੍ਰਤਿਭਾ ਦਾ ਕੱਦ ਨਿਰੰਤਰ ਛੋਟਾ ਹੋਇਆ ਹੈ। ਨਹੀਂ ਤਾਂ ਕਵਿਤਾ ਕ੍ਰਿਸ਼ਨਾਮੂਰਤੀ, ਅਲਕਾ ਯਾਗਨਿਕ, ਅਨੁਰਾਧਾ ਪੌਡਵਾਲ ਵਰਗੀਆਂ ਗਾਇਕਾਵਾਂ ਨੂੰ ਇਸ ਤਰ੍ਹਾਂ ਪਿਛਲੀ ਸੀਟ ‘ਤੇ ਨਾ ਬਿਠਾਇਆ ਜਾਂਦਾ। ਕਵਿਤਾ ਵੀ ਦੂਜੀਆਂ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਲਈ ਗਾ ਰਹੀ ਹੈ। ਉਹ ਦੱਸਦੀ ਹੈ, ”ਮੈਂ ਸ਼ਾਸਤਰੀ ਸੰਗੀਤ ਨੂੰ ਲੈ ਕੇ ਜ਼ਿਆਦਾ ਰੁੱਝੀ ਰਹਿੰਦੀ ਹਾਂ, ਇਸ ਲਈ ਹਿੰਦੀ ਵਿੱਚ ਮੇਰੀ ਸ਼ਾਸਤਰੀ ਸੰਗੀਤ ਆਧਾਰਿਤ ਗੀਤ ਵਿੱਚ ਹੀ ਦਿਲਚਸਪੀ ਹੁੰਦੀ ਹੈ। ਅੱਜਕੱਲ੍ਹ ਜਿਸ ਤਰ੍ਹਾਂ ਦੇ ਗੀਤ ਚੱਲ ਰਹੇ ਹਨ, ਮੇਰੀ ਉਸ ਤਰ੍ਹਾਂ ਦੇ ਗੀਤ ਗਾਉਣ ਦੀ ਕੋਈ ਇੱਛਾ ਨਹੀਂ। ਮੈਂ ਹੈਰਾਨ ਹਾਂ ਕਿ ਹਰ ਹਿੱਟ ਫ਼ਿਲਮ ਨਾਲ ਇੱਕ ਨਵਾਂ ਗਾਇਕ ਆ ਰਿਹਾ ਹੈ, ਪਰ ਸਾਲ ਡੇਢ ਸਾਲ ਬਾਅਦ ਉਸ ਦਾ ਕੁੱਝ ਵੀ ਪਤਾ ਨਹੀਂ ਹੁੰਦਾ। ਸਾਡੀ ਸਥਿਤੀ ਇਸ ਤਰ੍ਹਾਂ ਕਦੇ ਡਗਮਗਾਈ ਨਹੀਂ।”
ਅਲਕਾ ਯਾਗਨਿਕ ਦਾ ਕਹਿਣਾ ਹੈ, ”ਖੇਤਰੀ ਭਾਸ਼ਾਵਾਂ ਦੇ ਗੀਤਾਂ ਨੂੰ ਮੈਂ ਚੁਣੌਤੀ ਦੀ ਤਰ੍ਹਾਂ ਲਿਆ ਹੈ ਕਿਉਂਕਿ ਮੈਂ ਇਹ ਕਦੇ ਨਹੀਂ ਚਾਹਿਆ ਕਿ ਨਵੇਂ ਗਾਇਕਾਂ ਦੀ ਤਰ੍ਹਾਂ ਤਿੰਨ ਹਿੱਟ ਗੀਤ ਦੇ ਕੇ ਫ਼ਿਰ ਉਨ੍ਹਾਂ ਨੂੰ ਹੀ ਸਟੇਜਾਂ ‘ਤੇ ਗਾਉਂਦੀ ਫ਼ਿਰਾਂ। ਮੈਨੂੰ ਪਤਾ ਹੈ ਕਿ ਮੇਰੀ ਆਵਾਜ਼ ਦੀ ਕੀ ਰੇਂਜ ਹੈ, ਉਸ ਨਾਲ ਕੁੱਝ ਗੀਤ ਹੀ ਮੇਲ ਖਾਂਦੇ ਹਨ, ਪਰ ਜ਼ਿਆਦਾਤਰ ਮੌਕਿਆਂ ‘ਤੇ ਇਹ ਗੀਤ ਵੀ ਮੇਰੀ ਥਾਂ ਕਿਸੇ ਅਣਸਿੱਖਿਅਤ ਗਾਇਕ ਤੋਂ ਗਵਾ ਲਏ ਜਾਂਦੇ ਹਨ। ਇਸ ਨੂੰ ਦੇਖਦੇ ਹੋਏ ਪਤਾ ਲੱਗਦਾ ਹੈ ਕਿ ਅੱਜ ਦਾ ਸੰਗੀਤਕਾਰ ਸੰਗੀਤ ਨੂੰ ਲੈ ਕੇ ਕਿੰਨਾ ਕੁ ਫ਼ਿਕਰਮੰਦ ਹੈ।”
ਅੱਜ ਸਲਮਾਨ ਖ਼ਾਨ ਬੇਸ਼ੱਕ ਜਿੰਨਾ ਮਰਜ਼ੀ ਕਮਾ ਲਏ, ਪਰ ਇਹ ਕੌੜਾ ਸੱਚ ਹੈ ਕਿ ਉਸ ਦੀਆਂ ਫ਼ਿਲਮਾਂ ਦੇ ਗੀਤ ਯਾਦਗਾਰੀ ਨਹੀਂ ਬਲਕਿ ਟਾਈਮ ਪਾਸ ਹੀ ਬਣੇ ਹਨ। ਇਸ ਦਾ ਕਾਰਨ ਹੈ ਕਿ ਕੁੱਝ ਗੁਣੀ ਗਾਇਕਾਂ ਤੋਂ ਉਸ ਨੇ ਪੂਰੀ ਤਰ੍ਹਾਂ ਨਾਤਾ ਤੋੜ ਲਿਆ ਹੈ। ਇਹ ਸਿਰਫ਼ ਸਲਮਾਨ ਹੀ ਨਹੀਂ ਬਲਕਿ ਕਦੇ ਸ਼ਾਹਰੁਖ਼ ਲਈ ਬਹੁਤ ਗੀਤ ਗਾਉਣ ਵਾਲੇ ਕੁਮਾਰ ਸਾਨੂ, ਉਦਿੱਤ, ਅਭਿਜੀਤ, ਸੋਨੂ, ਸ਼ਾਨ ਵਰਗੇ ਗਾਇਕ ਵੀ ਸ਼ਾਹਰੁਖ਼ ਤੋਂ ਬਹੁਤ ਦੂਰ ਹੋ ਚੁੱਕੇ ਹਨ। ਸਲਮਾਨ ਨਾਲ ਵੀ ਅਜਿਹਾ ਹੀ ਹੋਇਆ। ਅੱਜ ਕਿਸੇ ਵੀ ਗਾਇਕ ਦੀ ਆਵਾਜ਼ ਸਲਮਾਨ ਨਾਲ ਫ਼ਿੱਟ ਕਰ ਦਿੱਤੀ ਜਾਂਦੀ ਹੈ। ਨਹੀਂ ਤਾਂ ਸਲਮਾਨ ਨਾਲ ਸਭ ਤੋਂ ਜ਼ਿਆਦਾ ਐੱਸ. ਪੀ. ਸੁਬਰਾਮਨਨੀਅਮ ਦੀ ਆਵਾਜ਼ ਮੇਲ ਖਾਂਦੀ ਹੈ। ਉਸ ਦੀਆਂ ਦੋ ਸਫ਼ਲ ਫ਼ਿਲਮਾਂ ਮੈਨੇ ਪਿਆਰ ਕੀਆ ਅਤੇ ਹਮ ਆਪਕੇ ਹੈਂ ਕੌਨ ਨੂੰ ਹੀ ਲੈ ਲਓ। ਇਨ੍ਹਾਂ ਵਿੱਚ ਸਲਮਾਨ ‘ਤੇ ਫ਼ਿਲਮਾਏ ਗਏ ਸੁਬਰਾਮਨੀਅਮ ਦੇ ਸਾਰੇ ਗੀਤ ਅੱਜ ਤਕ ਸੰਗੀਤ ਪ੍ਰੇਮੀਆਂ ਨੂੰ ਚੰਗੀ ਤਰ੍ਹਾਂ ਯਾਦ ਹਨ।












