ਬੀਤੇ ਦਿਨੀਂ ਰਿਲੀਜ਼ ਹੋਈ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ਪਾਨੀਪਤ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਰਾਜਸਥਾਨ ਦੇ ਭਰਤਪੁਰ ਦੇ ਲੋਕਾਂ ਨੂੰ ਫ਼ਿਲਮ ਦੀ ਸਕ੍ਰਿਪਟ ‘ਤੇ ਇਤਰਾਜ਼ ਹੈ। ਇਸ ਲਈ ਫ਼ਿਲਮ ਦੇ ਨਿਰਦੇਸ਼ਕ ਦੇ ਪੁਤਲੇ ਵੀ ਫ਼ੂਕੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਫ਼ਿਲਮ ਵਿੱਚ ਮਹਾਰਾਜਾ ਸੂਰਜਮਲ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਦਰਅਸਲ ਫ਼ਿਲਮ ਵਿੱਚ ਮਹਾਰਾਜਾ ਸੂਰਜਮਲ ਨੂੰ ਮਰਾਠਾ ਪੇਸ਼ਵਾ ਸਦਾਸ਼ਿਵ ਰਾਓ ਭਾਊ ਨਾਲ ਹਰਿਆਣਵੀ ਅਤੇ ਰਾਜਸਥਾਨੀ ਵਿੱਚ ਸੰਚਾਰ ਕਰਦੇ ਦਿਖਾਇਆ ਗਿਆ ਹੈ ਜਦਕਿ ਲੋਕਾਂ ਦਾ ਮੰਨਣਾ ਹੈ ਕਿ ਮਹਾਰਾਜਾ ਸੂਰਜਮਲ ਸ਼ੁੱਧ ਰੂਪ ਨਾਲ ਬ੍ਰਜ ਭਾਸ਼ਾ ਬੋਲਦੇ ਸਨ।
ਇਸ ਤੋਂ ਪਹਿਲਾਂ ਫ਼ਿਲਮ ਦੇ ਇੱਕ ਡਾਇਲੌਗ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਰਿਲੀਜ਼ ਦੇ ਇੱਕ ਹਫ਼ਤੇ ਪਹਿਲਾਂ ਇਸ ਫ਼ਿਲਮ ਦੀ ਹੀਰੋਇਨ ਕ੍ਰਿਤੀ ਸੇਨਨ ਦੇ ਇੱਕ ਡਾਇਲੌਗ ‘ਤੇ ਇਤਰਾਜ਼ ਜਤਾਉਂਦੇ ਹੋਏ ਫ਼ਿਲਮ ਦੇ ਮੇਕਰਜ਼ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਫ਼ਿਲਮ ਦੇ ਟਰੇਲਰ ਵਿੱਚ ਅਦਾਕਾਰਾ ਕ੍ਰਿਤੀ ਸੇਨਨ ਕਹਿੰਦੀ ਹੋਈ ਨਜ਼ਰ ਆ ਰਹੀ ਹੈ, ”ਮੈਂ ਸੁਣਿਆ ਹੈ ਪੇਸ਼ਵਾ ਜਦੋਂ ਇਕੱਲੇ ਮੁਹਿੰਮ ‘ਤੇ ਜਾਂਦੇ ਹਨ ਤਾਂ ਇੱਕ ਮਸਤਾਨੀ ਨਾਲ ਲੈ ਆਉਂਦੇ ਹਨ।” ਇਸ ਤੋਂ ਇਲਾਵਾ ਫ਼ਿਲਮ ‘ਤੇ ਕਹਾਣੀ ਦੀ ਚੋਰੀ ਦਾ ਵੀ ਦੋਸ਼ ਲੱਗਾ ਸੀ।
ਇਸ ਬਾਰੇ ਫ਼ਿਲਮ ਦੇ ਨਿਰਦੇਸ਼ਕ, ਨਿਰਮਾਤਾ ਅਤੇ ਫ਼ਿਲਮ ਦੀ ਕੰਪਨੀ ਖ਼ਿਲਾਫ਼ ਮੁਕੱਦਮਾ ਵੀ ਦਰਜ ਹੋਇਆ ਸੀ। ਪਾਨੀਪਤ ਦੀ ਤੀਜੀ ਲੜਾਈ ‘ਤੇ ਆਧਾਰਿਤ ਇਸ ਫ਼ਿਲਮ ਵਿੱਚ ਅਰਜੁਨ ਕਪੂਰ, ਕ੍ਰਿਤੀ ਸੇਨਨ ਅਤੇ ਸੰਜੈ ਦੱਤ ਮੁੱਖ ਕਿਰਦਾਰ ਵਿੱਚ ਹਨ। ਗੱਲ ਕਰੀਏ ਕੋਲੈਕਸ਼ਨ ਦੀ ਤਾਂ ਫ਼ਿਲਮ ਪਾਨੀਪਤ ਨੇ ਦੂੱਜੇ ਦਿਨ 5.75 ਤੋਂ ਛੇ ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ।











