ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਡੀ.ਕੇ. ਸ਼ਿਵ ਕੁਮਾਰ ਨੂੰ ਮਨੀ ਲਾਂਡਰਿੰਗ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਨੂੰ 25 ਅਕਤੂਬਰ ਤੱਕ ਲਈ ਕੋਰਟ ਨੇ ਨਿਆਇਕ ਹਿਰਾਸਤ ‘ਚ ਭੇਜਿਆ ਸੀ। ਇਹ ਮਿਆਦ ਪੂਰੀ ਹੋਣ ਤੋਂ ਬਾਅਦ ਉਹ ਤਿਹਾੜ ਜੇਲ ਤੋਂ ਬਾਹਰ ਆ ਸਕਣਗੇ। ਕੋਰਟ ਨੇ ਢਾਈ ਲੱਖ ਰੁਪਏ ਦੇ ਮੁਚਲਕੇ ‘ਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੇ ਜਾਣ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ ਡੀ.ਕੇ. ਸ਼ਿਵ ਕੁਮਾਰ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ।
3 ਸਤੰਬਰ ਨੂੰ ਕੀਤਾ ਸੀ ਗ੍ਰਿਫਤਾਰ
ਦੱਸਣਯੋਗ ਹੈ ਕਿ ਵੀਰਵਾਰ ਨੂੰ ਸਵੇਰੇ ਹੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤਿਹਾੜ ਜੇਲ ‘ਚ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੀ ਸੀ। ਸ਼ਿਵ ਕੁਮਾਰ ਹਵਾਲਾ ਰਾਹੀਂ ਲੈਣ-ਦੇਣ ਅਤੇ ਟੈਕਸ ਚੋਰੀ ਦੇ ਇਕ ਮਾਮਲੇ ‘ਚ ਜੇਲ ‘ਚ ਹਨ। ਉਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 3 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਕਰਨਾਟਕ ਕਾਂਗਰਸ ਦੇ ਦਿੱਗਜ ਨੇਤਾ ਸ਼ਿਵ ਕੁਮਾਰ ਨੂੰ ਹੀ ਕਾਂਗਰਸ ਅਤੇ ਜੇ.ਡੀ.ਐੱਸ. (ਜਨਤਾ ਦਲ ਸੈਕੂਲਰ) ਦੇ ਗਠਜੋੜ ਵਾਲੀ ਉਸ ਸਰਕਾਰ ਨੂੰ ਬਣਾਉਣ ਦਾ ਸਿਹਰਾ ਜਾਂਦਾ ਹੈ, ਜੋ ਇਸੇ ਸਾਲ ਜੁਲਾਈ ‘ਚ ਡਿੱਗ ਗਈ ਸੀ।
ਤਿਹਾੜ ਜੇਲ ‘ਚ ਬੰਦ ਹਨ
ਬੀਤੇ ਸਾਲ ਸਤੰਬਰ ‘ਚ ਈ.ਡੀ. ਸ਼ਿਵ ਕੁਮਾਰ, ਹਨੂੰਮੰਥੈਯਾ, ਕਰਨਾਟਕ ਭਵਨ ਦੇ ਇਕ ਕਰਮਚਾਰੀ ਅਤੇ ਕੁਝ ਹੋਰ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਸੀ। ਦੱਸਣਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਲੀਡਰ ਵੀ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਤਿਹਾੜ ਜੇਲ ‘ਚ ਬੰਦ ਹਨ। ਕੁਝ ਦਿਨ ਪਹਿਲਾਂ ਹੀ ਸੋਨੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਨ੍ਹਾਂ ਨਾਲ ਵੀ ਮੁਲਾਕਾਤ ਲਈ ਤਿਹਾੜ ਜੇਲ ਪਹੁੰਚੇ ਸਨ।














