ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਾਕਿਸਤਾਨ ‘ਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਆਯੋਜਿਤ ਰਸਮੀ ਸਮਾਰੋਹ ‘ਚ ਸ਼ਾਮਲ ਨਹੀਂ ਹੋਣਗੇ। ਉਹ ਇਕ ਆਮ ਸ਼ਰਧਾਲੂ ਵਾਂਗ ਉਥੇ ਜਾਣਗੇ। ਸੂਤਰਾਂ ਨੇ ਇਹ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਦਾਅਵੇ ਤੋਂ ਬਾਅਦ ਦਿੱਤੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਮਨਮੋਹਨ ਸਿੰਘ ਨੇ ਉਦਾਘਟਨੀ ਸਮਾਰੋਹ ‘ਚ ਸ਼ਾਮਿਲ ਹੋਣ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਸਥਾਨਕ ਮੀਡੀਆ ਅਨੁਸਾਰ ਕੁਰੈਸ਼ੀ ਨੇ ਆਪਣੇ ਗ੍ਰਹਿ ਨਗਰ ਮੁਲਤਾਨ ‘ਚ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਡਾ. ਸਿੰਘ ਨੇ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ ਹੈ, ਅਸੀਂ ਆਮ ਆਦਮੀ ਦੇ ਤੌਰ ‘ਤੇ ਵੀ ਉਨ੍ਹਾਂ ਦੇ ਸ਼ਾਮਿਲ ਹੋਣ ਦਾ ਸਵਾਗਤ ਕਰਦੇ ਹਾਂ। ਡਾ. ਸਿੰਘ ਦੇ ਕਰੀਬੀ ਸੂਤਰਾਂ ਨੇ ਨਵੀਂ ਦਿੱਲੀ ‘ਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਸਮੀ ਉਦਘਾਟਨੀ ਸਮਾਰੋਹ ‘ਚ ਸ਼ਾਮਿਲ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਡਾ. ਸਿੰਘ ਸਿੱਖ ਜਥੇ ਦਾ ਹਿੱਸਾ ਹੋਣਗੇ, ਜਿਸ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਉਹ ਕਰਤਾਰਪੁਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਣ ਤੋਂ ਬਾਅਦ ਉਸੇ ਦਿਨ ਪਰਤ ਆਉਣਗੇ।
ਉੱਥੇ ਹੀ ਇਮਰਾਨ ਖਾਨ ਨੇ ਐਤਵਾਰ ਨੂੰ ਆਪਣੇ ਫੇਸਬੁੱਕ ਪੋਸਟ ‘ਚ ਲਿਖਿਆ ਹੈ,”ਪਾਕਿਸਤਾਨ ਦੁਨੀਆਭਰ ਦੇ ਸਿੱਖਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਲਈ ਤਿਆਰ ਹੈ ਕਿਉਂਕਿ ਕਰਤਾਰਪੁਰ ਪ੍ਰੋਜੈਕਟ ‘ਚ ਨਿਰਮਾਣ ਕਾਰਜ ਅੰਤਿਮ ਸੀਮਾ ‘ਤੇ ਹੈ ਅਤੇ 9 ਨਵੰਬਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਸ਼ੁਰੂ ਨਹੀਂ ਹੋ ਸਕੀ ਆਨਲਾਈਨ ਰਜਿਸਟ੍ਰੇਸ਼ਨ
ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਭਾਵੇਂ ਪਾਕਿਸਤਾਨ 9 ਨਵੰਬਰ ਤੋਂ ਲਾਂਘਾ ਚਾਲੂ ਕਰਨ ਦੀਆਂ ਗੱਲਾਂ ਤਾਂ ਕਰ ਰਿਹਾ ਹੈ ਪਰ ਉਸ ਤੋਂ ਪਹਿਲਾਂ ਉਸ ਨੇ ਰਜਿਸਟ੍ਰੇਸ਼ਨ ਫੀਸ ਦਾ ਅੜਿੱਕਾ ਪਾ ਦਿੱਤਾ ਹੈ। ਗੁ. ਸ੍ਰੀ ਕਰਤਾਰਪੁਰ ਸਾਹਿਬ ਲਈ ਐਤਵਾਰ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋਣੀ ਸੀ ਪਰ ਪਾਕਿਸਤਾਨ ਅਜੇ ਵੀ 20 ਡਾਲਰ ਫੀਸ ਵਸੂਲਣ ‘ਤੇ ਬਜ਼ਿੱਦ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਅਜੇ ਸਾਰੇ ਮਸਲਿਆਂ ਬਾਰੇ ਸਹਿਮਤੀ ਨਹੀਂ ਹੋ ਸਕੀ, ਜਿਸ ਕਾਰਨ ਐਤਵਾਰ ਤੋਂ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਨਹੀਂ ਹੋ ਸਕੀ।














