ਗੁਰਦਾਸਪੁਰ ਦੀ ਕੁਵੈਤ ’ਚ ਫਸੀ ਔਰਤ ਦੀ ਮਦਦ ਦਾ ਜੈਸ਼ੰਕਰ ਨੇ ਦਿਵਾਇਆ ਭਰੋਸਾ

ਨਵੀਂ ਦਿੱਲੀ — ਵਿਦੇਸ਼ਾਂ ਵਿਚ ਫਸੇ ਭਾਰਤੀ ਲੋਕਾਂ ਦੀ ਸੋਸ਼ਲ ਮੀਡੀਆ ਰਾਹੀਂ ਮਦਦ ਕਰਨ ਦੀ ਵਿਦੇਸ਼ ਮੰਤਰਾਲਾ ਦੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਕੁਵੈਤ ਸਥਿਤ ਭਾਰਤੀ ਦੂਤਘਰ ਉਥੇ ਫਸੀ ਗੁਰਦਾਸਪੁਰ ਦੀ ਇਕ ਔਰਤ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਿਹਾ ਹੈ। ਇਹ ਭਾਰਤੀ ਔਰਤ ਨੌਕਰੀ ਦਿਵਾਉਣ ਵਾਲੇ ਏਜੰਟਾਂ ਦੇ ਝਾਂਸੇ ਵਿਚ ਆ ਕੇ ਕੁਵੈਤ ਫਸ ਗਈ ਸੀ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵਿਟਰ ’ਤੇ ਮਦਦ ਦੀ ਅਪੀਲ ਕੀਤੇ ਜਾਣ ਪਿੱਛੋਂ ਕਿਹਾ ਕਿ ਉਕਤ ਔਰਤ ਦੀ ਮਦਦ ਕੀਤੀ ਜਾਏਗੀ। ਟਵਿਟਰ ’ਤੇ ਇਕ ਵਿਅਕਤੀ ਨੇ ਲਿਖਿਆ ਸੀ,‘‘ਡਾਕਟਰ ਐੱਸ. ਜੈਸ਼ੰਕਰ ਜੀ, ਕੁਵੈਤ ਵਿਚ ਫਸੀ ਰਾਜੀ ਜਾਨ ਸਟੀਫਨ ਨਾਂ ਦੀ ਔਰਤ ਦੇ ਮਾਮਲੇ ਨੂੰ ਵੇਖੋ। ਉਹ ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਏਜੰਟਾਂ ਕਾਰਣ ਉਸ ਨੂੰ ਉਥੇ ਤੰਗ ਕੀਤਾ ਗਿਆ। ਉਸ ਦੇੇ ਪਰਿਵਾਰ ਨੇ ਮੇਰੇ ਨਾਲ ਸੰਪਰਕ ਕੀਤਾ। ਉਸ ਦੀ ਵਤਨ ਵਾਪਸੀ ਦੀ ਉਮੀਦ ਕਰਦਾ ਹਾਂ।’’ ਜੈਸ਼ੰਕਰ ਨੇ ਕਿਹਾ ਕਿ ਰਾਜੀ ਨੂੰ ਕੁਵੈਤ ਸਥਿਤ ਭਾਰਤੀ ਦੂਤਘਰ ਨੇ ਸੁਰੱਖਿਅਤ ਰੂਪ ਨਾਲ ਇਕ ਮਹਿਲਾ ਸ਼ੈਲਟਰ ਹੋਮ ਵਿਚ ਰੱਖਿਆ ਹੈ।