ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਹੰਬਲ ਮੋਸ਼ਨ ਪਿਕਚਰਜ਼ ਨਾਲ ਮਿਲ ਕੇ ਆਪਣੀ ਅਗਲੀ ਪੰਜਾਬੀ ਫ਼ਿਲਮ ਡਾਕਾ ਲੈ ਕੇ ਆ ਰਹੇ ਹਨ। ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਬਲਜੀਤ ਸਿੰਘ ਦਿਓ ਦੀ ਡਾਇਰੈਕਟ ਕੀਤੀ ਹੋਈ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਮੁੱਖ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਨਾਮੀ ਅਦਾਕਾਰ ਰਾਣਾ ਰਣਬੀਰ, ਮੁਕੁਲ ਦੇਵ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਵਿੰਦਰ ਮੰਡ, ਬਨਿੰਦਰ ਬੰਨੀ, ਰਾਣਾ ਜੰਗ ਬਹਾਦੁਰ, ਸ਼ਹਿਨਾਜ਼ ਕੌਰ ਗਿੱਲ ਖ਼ਾਸ ਕਿਰਦਾਰਾਂ ‘ਚ ਨਜ਼ਰ ਆਉਣਗੇ।
ਦੱਸ ਦਈਏ ਕਿ ਇਸ ਖ਼ਾਸ ਮੌਕੇ ‘ਤੇ ਗਿੱਪੀ ਗਰੇਵਾਲ ਨੇ ਕਿਹਾ, ”ਇੱਕ ਕਲਾਕਾਰ ਹੋਣ ਦੇ ਨਾਤੇ ਜਿਸ ਵੀ ਪ੍ਰੌਜੈਕਟ ਨਾਲ ਅਸੀਂ ਜੁੜਦੇ ਹਾਂ ਉਹ ਸਾਡੇ ਲਈ ਬਹੁਤ ਖ਼ਾਸ ਹੁੰਦਾ ਹੈ, ਪਰ ਕੁੱਝ ਕੌਨਸੈਪਟ ਇਸ ਤਰ੍ਹਾਂ ਦੇ ਹੁੰਦੇ ਹਨ ਜਿਸ ‘ਚ ਤੁਸੀਂ ਆਪਣੀ ਪੂਰੀ ਜਿੰਦ ਜਾਨ ਲਾ ਦਿੰਦੇ ਹੋ। ਡਾਕਾ ਅਜਿਹਾ ਹੀ ਇੱਕ ਪ੍ਰੌਜੈਕਟ ਹੈ ਮੇਰੇ ਲਈ। ਇਸ ਫ਼ਿਲਮ ਦੇ ਪਹਿਲੇ ਡ੍ਰਾਫ਼ਟ ਨੂੰ ਲਿਖਣ ਤੋਂ ਲੈ ਕੇ ਪੂਰੀ ਫ਼ਿਲਮ ਦੇਖਣ ਤਕ ਇਹ ਇੱਕ ਬਹੁਤ ਹੀ ਖ਼ੂਬਸੂਰਤ ਸਫ਼ਰ ਰਿਹਾ ਹੈ। ਹੁਣ ਜਿਵੇਂ ਕਿ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ ਜਿਵੇਂ ਉਹ ਹਮੇਸ਼ਾ ਤੋਂ ਮੈਨੂੰ ਦਿੰਦੇ ਹਨ।”
ਫ਼ਿਲਮ ਦੀ ਮੁੱਖ ਅਦਾਕਾਰਾ ਜ਼ਰੀਨ ਖ਼ਾਨ ਨੇ ਕਿਹਾ, ”ਪੰਜਾਬ ਨੇ ਮੈਨੂੰ ਹਮੇਸ਼ਾ ਤੋਂ ਹੀ ਬਹੁਤ ਪਿਆਰ ਦਿੱਤਾ ਹੈ। ਆਪਣੀ ਪਹਿਲੀ ਫ਼ਿਲਮ ਤੋਂ ਬਾਅਦ ਬਹੁਤ ਸਾਰੇ ਔਫ਼ਰਜ਼ ਆਏ ਪਰ ਮੈਂ ਕੁੱਝ ਵੱਖਰਾ ਕਰਨਾ ਚਾਹੁੰਦੀ ਸੀ ਅਤੇ ਡਾਕਾ ਨਾ ਸਿਰਫ਼ ਇੱਕ ਬਹੁਤ ਵਧੀਆ ਕੌਨਸੈਪਟ ਹੈ ਸਗੋਂ ਮੁੜ ਤੋਂ ਗਿੱਪੀ ਗਰੇਵਾਲ ਨਾਲ ਕਰਨ ਦਾ ਅਨੁਭਵ ਬਹੁਤ ਹੀ ਜ਼ਬਰਦਸਤ ਰਿਹਾ। ਫ਼ਿਲਮ ਦਾ ਟਰੇਲਰ ਯਕੀਨਨ ਲੋਕਾਂ ‘ਚ ਉਤਸੁਕਤਾ ਜਗਾਏਗਾ।”
ਡਾਕਾ ਫ਼ਿਲਮ ਦੇ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਸਸਪੈਂਸ ਥ੍ਰਿਲਰ ਇੱਕ ਅਜਿਹਾ ਯਾਨਰ ਹੈ ਜਿਸ ਨਾਲ ਪੰਜਾਬੀ ਇੰਡਸਟਰੀ ‘ਚ ਹਾਲੇ ਤਕ ਜ਼ਿਆਦਾ ਪ੍ਰਯੋਗ ਨਹੀਂ ਹੋਇਆ। ਜਦੋਂ ਅਸੀਂ ਇਸ ਪ੍ਰੌਜੈਕਟ ‘ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਸਾਡੀ ਪੂਰੀ ਕੋਸ਼ਿਸ਼ ਸੀ ਕਿ ਇਹ ਕਿਸੇ ਬੌਲੀਵੁਡ ਥ੍ਰਿਲਰ ਤੋਂ ਘੱਟ ਨਾ ਹੋਵੇ। ਪੂਰੀ ਐਕਸ਼ਨ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਹ ਫ਼ਿਲਮ ਪੰਜਾਬੀ ਇੰਡਸਟਰੀ ‘ਚ ਇੱਕ ਨਵੀਂ ਲਹਿਰ ਲੈ ਕੇ ਆਵੇਗੀ।” ਗਿੱਪੀ ਗਰੇਵਾਲ ਨਾਲ ਫ਼ਿਲਮ ਪ੍ਰੋਡਿਊਸ ਕਰਨ ਵਾਲੇ ਭੂਸ਼ਣ ਕੁਮਾਰ ਨੇ ਕਿਹਾ, ”ਡਾਕਾ ਇੱਕ ਬਹੁਤ ਹੀ ਦਿਲਚਸਪ ਅਤੇ ਮਨੋਰੰਜਨ ਭਰਪੂਰ ਫ਼ਿਲਮ ਹੋਵੇਗੀ। ਟਰੇਲਰ ਦਰਸ਼ਕਾਂ ਦੀ ਉਤਸੁਕਤਾ ਫ਼ਿਲਮ ਨੂੰ ਲੈ ਕੇ ਵਧਾਏਗਾ।”
ਦੱਸਣਯੋਗ ਹੈ ਕਿ ਡਾਕਾ ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਖ਼ੁਦ ਗਿੱਪੀ ਗਰੇਵਾਲ ਨੇ ਲਿਖੇ ਹਨ। ਇਸ ਪੂਰੇ ਪ੍ਰੌਜੈਕਟ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ ਕੀਤਾ ਹੈ। ਜਤਿੰਦਰ ਸ਼ਾਹ, ਅਦਿਤਿਆ ਦੇਵ, JK ਅਤੇ ਰੋਚਕ ਕੋਹਲੀ ਫ਼ਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਵਿਨੋਦ ਭਾਨੁਸ਼ਾਲੀ ਅਤੇ ਵਿਨੋਦ ਅਸਵਾਲ ਡਾਕਾ ਦੇ ਕੋ-ਪ੍ਰੋਡੂਸਰ ਹਨ।











