ਅਸੀਮ ਚਕਰਵਰਤੀ
ਬੌਲੀਵੁਡ ਵਿੱਚ ਹੁਣ ਇੱਕ ਅਰਸੇ ਤੋਂ ਨਾਇੱਕਾ ਪ੍ਰਧਾਨ ਫ਼ਿਲਮਾਂ ਨਹੀਂ ਬਣ ਰਹੀਆਂ। ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਮੌਜੂਦਾ ਕਰੀਬ 95 ਫ਼ੀਸਦੀ ਫ਼ਿਲਮਾਂ ਵਿੱਚ ਅਭਿਨੇਤਰੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੀ। ਉਂਝ ਕਦੇ ਨਰਗਿਸ, ਮੀਨਾ ਕੁਮਾਰੀ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤਕ ਦੇ ਦੌਰ ਵਿੱਚ ਫ਼ਿਲਮਾਂ ਵਿੱਚ ਨਾਇੱਕਾਵਾਂ ਦਾ ਦਬਦਬਾ ਸਾਫ਼ ਨਜ਼ਰ ਆਉਂਦਾ ਸੀ। ਇਹੀ ਨਹੀਂ, ਉਹ ਬਾਕਾਇਦਾ ਆਪਣਾ ਰੋਲ ਵਧਾਉਣ ਦਾ ਦਾਅਵਾ ਵੀ ਕਰਦੀਆਂ ਸਨ। ਅੱਜ ਵਿਦਿਆ ਬਾਲਨ, ਕੰਗਨਾ ਰਣੌਤ, ਦੀਪਿਕਾ ਹੀ ਇਸ ਮਾਮਲੇ ਵਿੱਚ ਥੋੜ੍ਹਾ ਅਪਵਾਦ ਹਨ। ਦੀਪਿਕਾ ਨੇ ਹਾਲ ਹੀ ਵਿੱਚ ਛਪਾਕ ਦਾ ਕੰਮ ਪੂਰਾ ਕੀਤਾ ਹੈ। ਨਹੀਂ ਤਾਂ ਪਦਮਾਵਤ ਵਰਗੀ ਨਾਇੱਕਾ ਆਧਾਰਿਤ ਫ਼ਿਲਮ ਵਿੱਚ ਵੀ ਦੀਪਿਕਾ ਦੀ ਬਜਾਏ ਰਣਵੀਰ ਸਿੰਘ ਨੂੰ ਜ਼ਿਆਦਾ ਤਵੱਜੋ ਮਿਲੀ ਹੈ। ਆਖਿਰ ਅਜਿਹੀ ਕੀ ਗੱਲ ਹੈ ਕਿ ਸਟਾਰਡਮ ਹਾਸਿਲ ਕਰਨ ਦੇ ਬਾਵਜੂਦ ਸਾਡੀਆਂ ਜ਼ਿਆਦਾਤਰ ਅਭਿਨੇਤਰੀਆਂ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਨਹੀਂ ਕਰ ਪਾਉਂਦੀਆਂ?
ਇਹ ਗੱਲ ਸਿਨਮਾ ਜਗਤ ਦੀ ਦਿੱਗਜ ਅਭਿਨੇਤਰੀ ਵੈਜੰਤੀ ਮਾਲਾ ਅਤੇ ਦਿਲੀਪ ਕੁਮਾਰ ਦੀ ਇੱਕ ਸੁਪਰਹਿੱਟ ਫ਼ਿਲਮ ਨਯਾ ਦੌਰ ਦੇ ਦਿਨਾਂ ਦੀ ਹੈ। ਉਨ੍ਹਾਂ ਦਿਨਾਂ ਵਿੱਚ ਦਿਲੀਪ-ਵੈਜੰਤੀ ਵਿੱਚ ਕਾਫ਼ੀ ਮਤਭੇਦ ਚੱਲ ਰਹੇ ਸਨ। ਦੋਵੇਂ ਹੀ ਦਿੱਗਜ ਸਨ, ਪਰ ਦੋਹਾਂ ਨੇ ਆਪਣੀ ਹਉਮੈ ਨੂੰ ਫ਼ਿਲਮ ਨਿਰਮਾਣ ਦੇ ਰਾਹ ਵਿੱਚ ਕਦੇ ਨਹੀਂ ਆਉਣ ਦਿੱਤਾ, ਪਰ ਵੈਜੰਤੀ ਮਾਲਾ ਨੇ ਫ਼ਿਲਮਸਾਜ਼ ਬੀ. ਆਰ. ਚੋਪੜਾ ਸਾਹਮਣੇ ਸ਼ਰਤ ਰੱਖੀ ਸੀ ਕਿ ਦਿਲੀਪ ਕੁਮਾਰ ਨੂੰ ਕਿਸੇ ਵੀ ਤਰ੍ਹਾਂ ਉਸ ਤੋਂ ਜ਼ਿਆਦਾ ਫ਼ੁਟੇਜ ਨਾ ਮਿਲੇ। ਯਾਨੀ ਜੇਕਰ 12 ਦ੍ਰਿਸ਼ ਦਿਲੀਪ ਦੇ ਹਨ ਤਾਂ ਉਸ ਦੇ ਵੀ 12 ਦ੍ਰਿਸ਼ ਹੀ ਹੋਣੇ ਚਾਹੀਦੇ ਹਨ। ਇਹੀ ਨਹੀਂ, ਉਸ ਨੇ ਫ਼ਿਲਮ ਦੇ ਇੱਕ ਹਰਮਨਪਿਆਰੇ ਗੀਤ ਸਾਥੀ ਹਾਥ ਬੜ੍ਹਾਨਾ … ਸਾਥੀ ਰੇ ‘ਵਿੱਚ ਵੀ ਆਪਣੇ ਕਈ ਫ਼ਰੇਮ ਰਖਵਾਏ ਜਦੋਂ ਕਿ ਇਸ ਗੀਤ ਵਿੱਚ ਉਸ ਦੇ ਮੌਜੂਦ ਰਹਿਣ ਵਾਲੀ ਕੋਈ ਗੱਲ ਹੀ ਨਹੀਂ ਸੀ।
ਦੀਪਿਕਾ ਪਾਦੁਕੋਣ ਕਦੇ ਵੀ ਵੈਜੰਤੀ ਮਾਲਾ ਵਰਗੇ ਤੇਵਰ ਨਹੀਂ ਦਿਖਾ ਸਕੇਗੀ। ਅਸਲ ਵਿੱਚ ਉਸ ‘ਤੇ ਹਮੇਸ਼ਾਂ ਸਟਾਰਡਮ ਭਾਰੂ ਰਹਿੰਦਾ ਹੈ। ਟਰੇਡ ਵਿਸ਼ਲੇਸ਼ਕ ਤਰੁਣ ਆਦਰਸ਼ ਵੀ ਮੰਨਦੇ ਹਨ ਕਿ ਅਸਲ ਵਿੱਚ ਦੀਪਿਕਾ ਦਾ ਜ਼ਿਆਦਾਤਰ ਧਿਆਨ ਖ਼ੁਦ ਨੂੰ ਸੰਭਾਲਣ ਵਿੱਚ ਲੱਗਿਆ ਰਹਿੰਦਾ ਹੈ। ਇਸ ਲਈ ਵੀ ਬਤੌਰ ਅਭਿਨੇਤਰੀ ਉਸ ਦੀ ਸਥਿਤੀ ਡਗਮਗਾਈ ਰਹਿੰਦੀ ਹੈ। ਕਦੇ ਕਦੇ ਕੁੱਝ ਹਿੱਟ ਫ਼ਾਈਡਿੰਗ ਫ਼ੈਨੀ ਜਾਂ ਪੀਕੂ ਤੋਂ ਹੀ ਉਸ ਨੂੰ ਸੰਤੁਸ਼ਟ ਹੋਣਾ ਪਿਆ। ਇੱਥੋਂ ਤਕ ਕਿ ਆਪਣੇ ਪਿਆਰੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀਆਂ ਫ਼ਿਲਮਾਂ ਬਾਜੀਰਾਵ ਮਸਤਾਨੀ ਅਤੇ ਪਦਮਾਵਤ ਵਿੱਚ ਵੀ ਉਸ ਦਾ ਰੁਤਬਾ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਿਆ, ਅਤੇ ਇਹ ਕੋਈ ਨਵੀਂ ਗੱਲ ਨਹੀਂ। ਕੋਮਲ ਨਾਹਟਾ ਇਸ ਦੀ ਵਜ੍ਹਾ ਦੱਸਦੇ ਹਨ, ”ਦੀਪਿਕਾ ਦੀ ਮੁਸ਼ਕਿਲ ਇਹ ਹੈ ਕਿ ਉਸ ਨੂੰ ਹਮੇਸ਼ਾਂ ਇਹ ਡਰ ਲੱਗਿਆ ਰਹਿੰਦਾ ਹੈ ਕਿ ਜ਼ਿਆਦਾ ਮੰਗ ਰੱਖਣ ‘ਤੇ ਕਿਤੇ ਉਸ ਦੀ ਮੰਗ ਨਾ ਘਟ ਜਾਏ। ਵੱਡੇ ਬੈਨਰ ਉਸ ਦੇ ਹੱਥ ਤੋਂ ਫ਼ਿਸਲ ਨਾ ਜਾਣ। ਇਸ ਨਾਲ ਉਸ ਦੇ ਪਿੱਛੇ ਖੜ੍ਹੀਆਂ ਦੂਜੀਆਂ ਸਟਾਰ ਅਭਿਨੇਤਰੀਆਂ ਉਸ ਤੋਂ ਅੱਗੇ ਨਾ ਵੱਧ ਜਾਣ।”
ਅਭਿਨੇਤਰੀ ਕੈਟਰੀਨਾ ਕੈਫ਼ ਤਾਂ ਇਸ ਬਾਰੇ ਕੋਈ ਦਾਅਵਾ ਹੀ ਨਹੀਂ ਕਰਦੀ। ਵੱਡੇ ਹੀਰੋ ਦੀ ਟਾਈਮਪਾਸ ਅਭਿਨੇਤਰੀ ਬਣ ਕੇ ਹੀ ਉਹ ਆਪਣੇ ਅਦਾਕਾਰੀ ਦੇ ਸ਼ੌਂਕ ਨੂੰ ਪੂਰਾ ਕਰ ਰਹੀ ਹੈ। ਸਲਮਾਨ ਖ਼ਾਨ ਨਾਲ ਫ਼ਿਲਮ ਭਾਰਤ ਵਿੱਚ ਵੀ ਉਸ ਨੇ ਇਹੀ ਕੰਮ ਕੀਤਾ ਸੀ। ਕੈਟ ਵੀ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਵੱਡੇ ਹੀਰੋ ਨੂੰ ਸਫ਼ਲਤਾ ਦਾ ਵੱਡਾ ਫ਼ਾਰਮੂਲਾ ਮੰਨਦੀਆ ਹਨ। ਤਿੰਨੋਂ ਖ਼ਾਨਾਂ ਨਾਲ ਕੰਮ ਕਰ ਕੇ ਉਹ ਖ਼ੁਸ਼ ਹੈ ਕਿਉਂਕਿ ਉਹ ਖ਼ੁਦ ਵੀ ਚੰਗੀ ਤਰ੍ਹਾਂ ਜਾਣ ਗਈ ਹੈ ਕਿ ਉਸ ਦਾ ਅਦਾਕਾਰੀ ਹੁਨਰ ਕਿੰਨਾ ਕੁ ਹੈ। ਕਦੇ ਉਸ ਨੇ ਫ਼ਿਤੂਰ ਅਤੇ ਬਾਰ ਬਾਰ ਦੇਖੋ ਵਰਗੀਆਂ ਫ਼ਿਲਮਾਂ ਜ਼ਰੀਏ ਆਪਣੀ ਅਦਾਕਾਰੀ ਦੇ ਤੇਵਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹੁਣ ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਅਦਾਕਾਰੀ ਉਸ ਦੇ ਵੱਸ ਦੀ ਗੱਲ ਨਹੀਂ। ਉਹ ਸਿਰਫ਼ ਇੱਕ ਗਲੈਮਰ ਡੌਲ ਹੈ। ਨਾਹਟਾ ਕਹਿੰਦੇ ਹਨ, ”ਕੈਟ ਵਰਗੀਆਂ ਕਈ ਅਭਿਨੇਤਰੀਆਂ ਆਪਣੇ ਗਲੈਮਰ ਨੂੰ ਹੀ ਆਪਣਾ ਸਟਾਰਡਮ ਮੰਨ ਬੈਠਦੀਆਂ ਹਨ, ਅਤੇ ਇੱਕ ਦਿਨ ਇਸੀ ਸੋਚ ਨਾਲ ਉਨ੍ਹਾਂ ਦੀ ਇੰਡਸਟਰੀ ਤੋਂ ਵਿਦਾਇਗੀ ਹੋ ਜਾਂਦੀ ਹੈ।”
ਕਾਫ਼ੀ ਅਰਸੇ ਤੋਂ ਨਾਂ ਦੇ ਬਰਾਬਰ ਫ਼ਿਲਮਾਂ ਕਰ ਰਹੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਇੱਕ ਉਮਦਾ ਅਭਿਨੇਤਰੀ ਹੈ। ਕਈ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਵਿੱਚ ਉਸ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ, ਪਰ ਕੋਈ ਫ਼ਿਲਮ ਅਜਿਹੀ ਨਹੀਂ ਜਿਸ ਬਾਰੇ ਇਹ ਕਿਹਾ ਜਾ ਸਕੇ ਕਿ ਇਸ ਵਿੱਚ ਉਸ ਦਾ ਦਬਦਬਾ ਸੀ। HN-10 ਅਤੇ ਫ਼ਿਲੌਰੀ ਵਿੱਚ ਹੀ ਉਹ ਦਮਦਾਰ ਅਦਾਕਾਰੀ ਕਰਦੀ ਨਜ਼ਰ ਆਉਂਦੀ ਹੈ। ਉਂਝ ਉਸ ਵਰਗੀਆਂ ਸਮਝਦਾਰ ਅਭਿਨੇਤਰੀਆਂ ਨੂੰ ਐ ਦਿਲ ਹੈ ਮੁਸ਼ਕਿਲ, ਜਬ ਹੈਰੀ ਮੈੱਟ ਸੇਜਲ, ਵਰਗੀਆਂ ਸਾਧਾਰਨ ਫ਼ਿਲਮਾਂ ਵਿੱਚ ਕੰਮ ਕਰਨ ਦੀ ਕੀ ਮਜਬੂਰੀ ਸੀ? ਹੁਣ ਤਾਂ ਆਲੋਚਕ ਮੰਨਦੇ ਹਨ ਕਿ ਜੇਕਰ ਅਨੁਸ਼ਕਾ ਦੀ ਇਹੀ ਸੋਚ ਰਹੀ ਤਾਂ ਬਹੁਤ ਜਲਦੀ ਦਰਸ਼ਕ ਉਸ ਨੂੰ ਭੁੱਲ ਜਾਣਗੇ।
ਅਚਾਨਕ ਮਿਲੇ ਸਟਾਰਡਮ ਤੋਂ ਬਾਅਦ ਆਲੀਆ ਭੱਟ ਅਜੇ ਵੀ ਪ੍ਰੌੜ ਨਹੀਂ ਹੋ ਸਕੀ। ਕਈ ਫ਼ਿਲਮਾਂ ਦੀ ਸਫ਼ਲਤਾ ਨੇ ਉਸ ਨੂੰ ਇੱਕ ਬੇਫ਼ਿਕਰੀ ਦੇ ਦਿੱਤੀ ਹੈ। ਬਦਰੀਨਾਥ ਕੀ ਦੁਲਹਨੀਆ ਹੋਵੇ ਜਾਂ ਫ਼ਿਰ ਹਾਈਵੇ, ਆਪਣੀਆਂ ਜ਼ਿਆਦਾਤਰ ਫ਼ਿਲਮਾਂ ਵਿੱਚ ਆਲੀਆ ਨੇ ਖ਼ੁਦ ਨੂੰ ਚੰਗੀ ਤਰ੍ਹਾਂ ਸਾਬਿਤ ਕੀਤਾ ਹੈ, ਪਰ ਉਸ ਦੀ ਮਜਬੂਰੀ ਹੈ ਕਿ ਜੋ ਵੀ ਫ਼ਿਲਮ ਮਿਲੇ, ਉਸ ਨੂੰ ਕਰ ਹੀ ਦਿਓ। ਉਂਝ ਉਹ ਹੁਣ ਇਹ ਕਹਿਣ ਲੱਗੀ ਹੈ ਕਿ ਉਹ ਫ਼ਿਲਮ ਦੀ ਪਟਕਥਾ ਨੂੰ ਬਹੁਤ ਧਿਆਨ ਨਾਲ ਪੜ੍ਹਦੀ ਹੈ, ਪਰ ਅਜਿਹਾ ਲੱਗਦਾ ਨਹੀਂ। ਇੰਸ਼ਾਅੱਲ੍ਹਾ ਵਰਗੀਆਂ ਫ਼ਿਲਮਾਂ ਵੀ ਉਹ ਇਸੀ ਵਜ੍ਹਾ ਕਾਰਨ ਕਰਦੀ ਹੈ ਕਿ ਉਸ ਨੂੰ ਸਮਲਾਨ ਖ਼ਾਨ ਵਰਗੇ ਵੱਡੇ ਹੀਰੋ ਨਾਲ ਕੰਮ ਚਾਹੀਦਾ ਹੈ।
ਬਤੌਰ ਅਭਿਨੇਤਰੀ ਪ੍ਰਿਅੰਕਾ ਚੋਪੜਾ ਹਿੰਦੀ ਫ਼ਿਲਮਾਂ ਵਿੱਚ ਬਹੁਤ ਕੁੱਝ ਕਰ ਸਕਦੀ ਸੀ, ਪਰ ਜ਼ਿਆਦਾ ਅਕਾਂਖਿਆਵਾਦੀ ਹੋਣ ਨਾਲ ਉਸ ਦਾ ਬਹੁਤ ਕੁੱਝ ਵਿਗੜ ਗਿਆ ਹੈ। ਅੱਜ ਤਾਂ ਇੰਡਸਟਰੀ ਵਿੱਚ ਪ੍ਰਿਅੰਕਾ ਦੀ ਸਥਿਤੀ ਕਾਫ਼ੀ ਖ਼ਰਾਬ ਹੋ ਚੁੱਕੀ ਹੈ। ਹਾਂ, ਹੌਲੀਵੁਡ ਵਿੱਚ ਉਸਦੀ ਕੋਸ਼ਿਸ਼ ਜ਼ਰੂਰ ਜਾਰੀ ਹੈ। ਅੱਜਕੱਲ੍ਹ ਉਹ ਸਿਰਫ਼ ਨਿੱਜੀ ਜ਼ਿੰਦਗੀ ਕਾਰਨ ਹੀ ਚਰਚਾ ਵਿੱਚ ਰਹਿੰਦੀ ਹੈ। ਹਿੰਦੀ ਫ਼ਿਲਮਾਂ ਵਿੱਚੋਂ ਉਸ ਦੀ ਲਗਭਗ ਵਿਦਾਈ ਹੋ ਚੁੱਕੀ ਹੈ।
ਕੰਗਨਾ ਰਣੌਤ ਖੁੱਲ੍ਹੇਆਮ ਕਹਿੰਦੀ ਹੈ ਕਿ ਉਸ ਨੂੰ ਸਟਾਰਡਮ ਦੀ ਜ਼ਿਆਦਾ ਪਰਵਾਹ ਨਹੀਂ। ਕਈ ਵੱਡੇ ਇਸ਼ਤਿਹਾਰਾਂ ਨਾਲ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਚੁੱਕੀ ਕੰਗਨਾ ਨੇ ਆਪਣੇ ਅਭਿਨੇਤਰੀ ਵਾਲੇ ਦਮ-ਖ਼ਮ ਨੂੰ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ। ਉਸ ਦੀ ਸਫ਼ਲਤਾ ਪੁਰਾਣੇ ਦਿਨਾਂ ਦੀਆਂ ਅਭਿਨੇਤਰੀਆਂ ਦੇ ਸਟਾਰਡਮ ਦੀ ਯਾਦ ਦਿਵਾ ਦਿੰਦੀ ਹੈ। ਮਣੀਕਰਣਿਕਾ ਦੀ ਗੱਲ ਜਾਣ ਦਈਏ ਤਾਂ ਉਸ ਦੀਆਂ ਪਿਛਲੀਆਂ ਫ਼ਿਲਮਾਂ ਸਿਮਰਨ, ਜਜਮੈਂਟਲ ਹੈ ਕਿਆ, ਆਦਿ ਨੇ ਦਰਸ਼ਕਾਂ ਨੂੰ ਥੋੜ੍ਹਾ ਨਿਰਾਸ਼ ਕੀਤਾ ਹੈ। ਹੁਣ ਦਰਸ਼ਕ ਵੀ ਸਮਝ ਨਹੀਂ ਪਾ ਰਹੇ ਕਿ ਇਹ ਉਮਦਾ ਅਭਿਨੇਤਰੀ ਜਜਮੈਂਟਲ ਹੈ ਕਿਆ ਵਰਗੀਆਂ ਫ਼ਿਲਮਾਂ ਵਿੱਚ ਅਭਿਨੈ ਦੇ ਨਾਂ ‘ਤੇ ਕੀ ਕਰ ਰਹੀ ਸੀ। ਹੁਣ ਸਮਾਂ ਆ ਗਿਆ ਹੈ ਜਦੋਂ ਕੰਗਨਾ ਨੂੰ ਕੰਮ ਦੇ ਮਾਮਲੇ ਵਿੱਚ ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਬੰਦ ਕਰ ਦੇਣੀ ਚਾਹੀਦੀ ਹੈ।
ਹਾਲ ਹੀ ਵਿੱਚ, ਫ਼ਿਲਮ ਮਿਸ਼ਨ ਮੰਗਲ ਵਿੱਚ ਅਭਿਨੇਤਰੀ ਵਿਦਿਆ ਬਾਲਨ ਅਕਸ਼ੈ ਕੁਮਾਰ ਨਾਲ ਆਪਣੇ ਬਦਲੇ ਹੋਏ ਤੇਵਰ ਨਾਲ ਨਜ਼ਰ ਆਈ। ਉਂਝ ਹੁਣ ਉਸ ਨੇ ਬੌਲੀਵੁਡ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲਿਆ ਹੈ। ਉਹ ਕਹਿੰਦੀ ਹੈ, ”ਮੈਂ ਮੰਨਦੀ ਹਾਂ ਕਿ ਪਿਛਲੇ ਕੁੱਝ ਸਾਲਾਂ ਤੋਂ ਮੈਂ ਬੇਖ਼ੌਫ਼ ਹੋ ਕੇ ਫ਼ਿਲਮਾਂ ਕਰ ਰਹੀ ਹਾਂ। ਇਸ ਲਈ ਬੌਲੀਵੁਡ ਵਿੱਚ ਆਪਣੀ ਸਥਿਤੀ ਨੂੰ ਲੈ ਕੇ ਜ਼ਰਾ ਵੀ ਚਿੰਤਤ ਨਹੀਂ ਰਹਿੰਦੀ। ਮੈਨੂੰ ਸਿਰਫ਼ ਆਪਣੇ ਮਨ ਅਤੇ ਦਰਸ਼ਕਾਂ ਨੂੰ ਸੰਤੁਸ਼ਟ ਕਰਨਾ ਹੈ।” ਸ਼ਾਇਦ ਇਸ ਲਈ ਵਿਦਿਆ ਬਾਲਨ ਅਜੇ ਕਾਫ਼ੀ ਦਿਨਾਂ ਤਕ ਉਹ ਬੌਲੀਵੁਡ ਵਿੱਚ ਆਪਣੀ ਯਥਾਸਥਿਤੀ ਬਣਾ ਕੇ ਰੱਖੇਗੀ।
ਸੋਨਾਕਸ਼ੀ ਸਿਨਹਾ, ਸ਼੍ਰਧਾ ਕਪੂਰ, ਤਾਪਸੀ ਪੰਨੂ, ਪਰਿਣੀਤੀ ਚੋਪੜਾ, ਜੈਕਲਿਨ ਫ਼ਰਨਾਂਡੇਜ਼ ਵਰਗੀਆਂ ਅਭਿਨੇਤਰੀਆਂ ਦੀ ਸੂਚੀ ਬਹੁਤ ਲੰਬੀ ਹੈ। ਇਹ ਉਹ ਅਭਿਨੇਤਰੀਆਂ ਹਨ ਜਿਨ੍ਹਾਂ ਦੀ ਕੋਈ ਦਮਦਾਰ ਸਥਿਤੀ ਨਹੀਂ।











