ਲੌਡਰਹਿੱਲ – ਭਾਰਤ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੈੱਸਟ ਇੰਡੀਜ਼ ਦੇ ਬੱਲੇਬਾਜ਼ ਵੱਲ ਉਕਸਾਊ ਇਸ਼ਾਰਾ ਕਰਨ ਕਾਰਨ ਇੱਕ ਡੀਮੈਰਿਟ ਅੰਕ ਦਿੱਤਾ ਗਿਆ ਹੈ। ਉਸ ਨੇ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ T-20 ਕੌਮਾਂਤਰੀ ਕ੍ਰਿਕਟ ਮੈਚ ਦੌਰਾਨ ਵੈੱਸਟ ਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਨੂੰ ਆਊਟ ਕਰਨ ਮੌਕੇ ਉਸ ਵੱਲ ਉਕਸਾਊ ਇਸ਼ਾਰਾ ਕੀਤਾ ਸੀ।
ICC ਨੇ ਬਿਆਨ ਵਿੱਚ ਕਿਹਾ, ”ਸੈਣੀ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਨਾਲ ਸਬੰਧਿਤ ICC ਜ਼ਾਬਤੇ ਦੇ ਨਿਯਮ 2.5 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ ਜੋ ਕੋਈ ਅਜਿਹਾ ਕੰਮ ਜਾਂ ਇਸ਼ਾਰਾ ਕਰਨ ਨਾਲ ਜੁੜਿਆ ਹੈ ਜਿਸ ਨਾਲ ਆਊਟ ਹੋਣ ‘ਤੇ ਬੱਲੇਬਾਜ਼ ਤੈਸ਼ ਵਿੱਚ ਆ ਕੇ ਪ੍ਰਤੀਕਿਰਿਆ ਦੇ ਸਕਦਾ ਹੈ।” ਬਿਆਨ ਅਨੁਸਾਰ ਉਸ ਨੂੰ ਇੱਕ ਡੀਮੈਰਿਟ ਅੰਕ ਦਿੱਤਾ ਗਿਆ ਹੈ।
ਪਹਿਲੀ ਵਾਰ ਖੇਡ ਰਹੇ ਸੈਣੀ ‘ਤੇ ਮੈਦਾਨੀ ਅੰਪਾਇਰਾਂ ਨਾਇਜੈੱਲ ਡੁਗੁਈਡ ਅਤੇ ਜੀ. ਬਰੈਥਵੇਟ ਤੋਂ ਇਲਾਵਾ ਤੀਜੇ ਅੰਪਾਇਰ ਲੈਸਲੀ ਰੀਫ਼ਰ ਅਤੇ ਚੌਥੇ ਅੰਪਾਇਰ ਪੈਟਰਿਕ ਗਸਟਰਡ ਨੇ ਦੋਸ਼ ਲਾਏ ਸਨ।
ਸੈਣੀ ਨੇ ਦੋਸ਼ ਅਤੇ ਸਜ਼ਾ ਨੂੰ ਸਵੀਕਾਰ ਲਿਆ ਹੈ। ਭਾਰਤ ਨੇ ਸ਼ਨੀਵਾਰ ਨੂੰ ਪਹਿਲੇ T-20 ਵਿੱਚ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਜਿਸ ਵਿੱਚ ਸੈਣੀ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ।












