ਇੰਦਰਾ ਗਾਂਧੀ ਵੈੱਬਸੀਰੀਜ਼ ਨੂੰ ਲੈ ਕੇ ਉਤਸ਼ਾਹਿਤ ਹੈ ਵਿਦਿਆ

ਫ਼ਿਲਮ ਇੰਡਸਟਰੀ ‘ਚ ਸੰਜੀਦਾ ਅਦਾਕਾਰੀ ਲਈ ਜਾਣੀ ਜਾਂਦੀ ਹੀਰੋਇਨ ਵਿਦਿਆ ਬਾਲਨ ਇੰਦਰਾ ਗਾਂਧੀ ਦੀ ਬਾਇਓਪਿਕ ਲਈ ਸਖ਼ਤ ਮਿਹਨਤ ਕਰ ਰਹੀ ਹੈ। ਬੌਲੀਵੁਡ ‘ਚ ਇਨ੍ਹੀਂ ਦਿਨੀਂ ਬਾਇਓਪਿਕਸ, ਸੀਕੁਅਲ ਅਤੇ ਰੀਮੇਕਸ ਬਣਾਉਣ ਦਾ ਰੁਝਾਨ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਹੁਣ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਇੱਕ ਵੈੱਬਸੀਰੀਜ਼ ਬਣ ਰਹੀ ਹੈ। ਇਸ ‘ਚ ਵਿਦਿਆ ਨੂੰ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਸਾਈਨ ਕੀਤਾ ਗਿਆ ਹੈ। ਵਿਦਿਆ ਇਸ ਵੈੱਬਸੀਰੀਜ਼ ‘ਚ ਆਪਣੇ ਕਿਰਦਾਰ ਨੂੰ ਲੈ ਕੇ ਕਾਫ਼ੀ ਮਿਹਨਤ ਕਰ ਰਹੀ ਹੈ। ਇਸ ਸੀਰੀਜ਼ ਕਾਰਨ ਹੀ ਉਹ ਕਿਸੇ ਹੋਰ ਪ੍ਰੌਜੈਕਟ ਬਾਰੇ ਹਾਮੀ ਨਹੀਂ ਭਰ ਰਹੀ।
ਜਾਣਕਾਰੀ ਅਨੁਸਾਰ, ਵਿਦਿਆ ਬਾਲਨ ਇਸ ਸੀਰੀਜ਼ ਨਾਲ ਇੱਕ ਨਿਰਮਾਤਾ ਵਜੋਂ ਵੀ ਆਪਣੇ ਨਵੇਂ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰੇਗੀ। ਇਹ ਸੀਰੀਜ਼ ਸਾਗਰਿਕਾ ਘੋਸ਼ ਦੀ ਕਿਤਾਬ ਇੰਦਰਾ: ਇੰਡੀਆਜ਼ ਮੋਸਟ ਪਾਵਰਫ਼ੁਲ ਵੂਮੈਨ ‘ਤੇ ਆਧਾਰਿਤ ਹੋਵੇਗੀ। ਵਿਦਿਆ ਇਸ ਕਿਰਦਾਰ ਅਤੇ ਸੀਰੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਵੈਸੇ ਵੀ ਉਹ ਕਾਫ਼ੀ ਸਮੇਂ ਤੋਂ ਇਸ ਕਿਰਦਾਰ ਨੂੰ ਨਿਭਾਉਣ ਦੀ ਦਿਲੀ ਤਮੰਨਾ ਰੱਖਦੀ ਸੀ।
ਸੂਤਰਾਂ ਮੁਤਾਬਿਕ ਇਸ ਵੈੱਬਸੀਰੀਜ਼ ਦੀ ਟੀਮ ਨਾਲ ਵਿਦਿਆ ਰੋਜ਼ਾਨਾ ਗੱਲਬਾਤ ਕਰਦੀ ਹੈ। ਉਹ ਇਸ ਸੀਰੀਜ਼ ਦੇ ਹਰ ਪਹਿਲੂ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੀ ਹੈ। ਵਿਦਿਆ ਚਾਹੁੰਦੀ ਹੈ ਕਿ ਇਹ ਸੀਰੀਜ਼ ਹੋਰਨਾਂ ਵੈੱਬਸੀਰੀਜ਼ ਤੋਂ ਜ਼ਿਆਦਾ ਹਿੱਟ ਹੋਵੇ। ਇਸ ਤੋਂ ਇਲਾਵਾ ਵਿਦਿਆ ਫ਼ਿਲਮ ਮਿਸ਼ਨ ਮੰਗਲ ‘ਚ ਵੀ ਨਜ਼ਰ ਆਵੇਗੀ ਜਿਸ ਨੂੰ ਅਕਸ਼ੇ ਕੁਮਾਰ ਪ੍ਰੋਡਿਊਸ ਕਰ ਰਿਹਾ ਹੈ। ਇਸ ‘ਚ ਤਾਪਸੀ ਪੰਨੂ ਅਤੇ ਸੋਨਾਕਸ਼ੀ ਸਿਨਹਾ ਵੀ ਅਹਿਮ ਕਿਰਦਾਰਾਂ ‘ਚ ਨਜ਼ਰ ਆਉਣਗੀਆਂ।