ਫ਼ਿਲਮ ਫ਼ੁਗਲੀ (2014) ਤੋਂ ਬੌਲੀਵੁਡ ‘ਚ ਆਈ ਅਭਿਨੇਤਰੀ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ ਗੁੱਡ ਨਿਊਜ਼ ਨੂੰ ਲੈ ਕੇ ਚਰਚਾ ‘ਚ ਹੈ। ਇਸ ਫ਼ਿਲਮ ‘ਚ ਉਹ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਇੱਕ ਵਾਰ ਫ਼ਿਰ ਅਕਸ਼ੇ ਅਤੇ ਕਰੀਨਾ ਕਪੂਰ ਇਕੱਠੇ ਨਜ਼ਰ ਆਉਣਗੇ। ਇਹ ਦੋਵੇਂ ਪਤੀ-ਪਤਨੀ ਦਾ ਕਿਰਦਾਰ ਨਿਭਾ ਰਹੇ ਹਨ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਕਿਆਰਾ ਨੇ ਕਰੀਨਾ ਕਪੂਰ ਦੀ ਕਾਫ਼ੀ ਤਾਰੀਫ਼ ਕੀਤੀ। ਉਸ ਨੇ ਖ਼ੁਦ ਨੂੰ ਕਰੀਨਾ ਦੀ ਵੱਡੀ ਫ਼ੈਨ ਦੱਸਿਆ।
ਕਿਆਰਾ ਨੇ ਕਿਹਾ ਕਿ ਉਹ ਕਰੀਨਾ ਕਪੂਰ ਖ਼ਾਨ ਦੀ ਵੱਡੀ ਪ੍ਰਸ਼ੰਸਕ ਹੈ ਅਤੇ ਉਸ ਨੇ ਕਰੀਨਾ ਦੀ ਫ਼ਿਲਮ ਉੜਤਾ ਪੰਜਾਬ ਦੇਖਣ ਤੋਂ ਬਾਅਦ ਹੀ ਬੌਲੀਵੁਡ ‘ਚ ਆਉਣ ਦਾ ਫ਼ੈਸਲਾ ਲਿਆ ਸੀ। ਜ਼ਿਕਰਯੋਗ ਹੈ ਕਿ ਫ਼ਿਲਮ ਗੁੱਡ ਨਿਊਜ਼ ‘ਚ ਭਾਵੇਂ ਅਕਸ਼ੇ ਕੁਮਾਰ ਅਤੇ ਦਿਲਜੀਤ ਦੋਸਾਂਝ ਵਰਗੇ ਅਦਾਕਾਰ ਹਨ, ਪਰ ਕਿਆਰਾ ਕਰੀਨਾ ਨਾਲ ਸਕ੍ਰੀਨ ਸਾਂਝੀ ਕਰਨ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਹ ਕਰੀਨਾ ਦੀ ਅਦਾਕਾਰੀ ਦੀ ਮੁਰੀਦ ਹੈ। ਕਿਆਰਾ ਕਰੀਨਾ ਦੀ ਇੰਨੀ ਵੱਡੀ ਫ਼ੈਨ ਹੈ ਕਿ ਉਹ ਉਸ ਦੀਆਂ ਸਾਰੀਆਂ ਫ਼ਿਲਮ ਚਾਅ ਅਤੇ ਉਤਸ਼ਾਹ ਨਾਲ ਵੇਖਦੀ ਹੈ।
ਜਦੋਂ ਕਿਆਰਾ ਤੋਂ ਪੁੱਛਿਆ ਗਿਆ ਕਿ ਉਸ ਨੂੰ ਕਰੀਨਾ ਦਾ ਕਿਸ ਫ਼ਿਲਮ ‘ਚ ਨਿਭਾਇਆ ਕਿਰਦਾਰ ਸਭ ਤੋਂ ਜ਼ਿਆਦਾ ਪਸੰਦ ਹੈ ਤਾਂ ਉਸ ਨੇ ਕਿਹਾ ਕਿ ਫ਼ਿਲਮ ਕਭੀ ਖ਼ੁਸ਼ੀ ਕਭੀ ਗ਼ਮ ਅਤੇ ਓਮਕਾਰਾ ‘ਚ ਕਰੀਨਾ ਵਲੋਂ ਨਿਭਾਏ ਕਿਰਦਾਰ ਉਸ ਨੂੰ ਸਭ ਤੋਂ ਜ਼ਿਆਦਾ ਪਸੰਦ ਹਨ। ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਕਲੰਕ ‘ਚ ਕਿਆਰਾ ਨੇ ਲਾਜੋ ਨਾਂ ਦਾ ਛੋਟਾ ਪਰ ਅਹਿਮ ਕਿਰਦਾਰ ਨਿਭਾਇਆ ਹੈ। ਫ਼ਿਲਮ ਗੁੱਡ ਨਿਊਜ਼ ਤੋਂ ਇਲਾਵਾ ਉਹ ਸ਼ਾਹਿਦ ਕਪੂਰ ਨਾਲ ਫ਼ਿਲਮ ਕਬੀਰ ਸਿੰਘ ‘ਚ ਵੀ ਨਜ਼ਰ ਆਵੇਗੀ। ਇਹ ਤੇਲਗੂ ਫ਼ਿਲਮ ਅਰਜੁਨ ਰੈੱਡੀ ਦੀ ਹਿੰਦੀ ਰੀਮੇਕ ਹੈ ਜਿਸ ‘ਚ ਸ਼ਾਹਿਦ ਇੱਕ ਅਜਿਹੇ ਸਰਜਨ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ ਜੋ ਪਿਆਰ ‘ਚ ਧੋਖਾ ਖਾਣ ਤੋਂ ਬਾਅਦ ਸ਼ਰਾਬੀ ਬਣ ਜਾਂਦਾ ਹੈ।












