ਵਿਸ਼ਵ ਕੱਪ ਤੋਂ ਪਹਿਲਾਂ ਰਾਹੁਲ ਅਤੇ ਪਾਂਡਿਆ ਨੇ ਫ਼ੜੀ ਲੈਅ

ਨਵੀਂ ਦਿੱਲੀ – ਹਾਰਦਿਕ ਪਾਂਡਿਆ ਅਤੇ ਕੇ. ਐੱਲ. ਰਾਹੁਲ ਨੇ ਮੈਦਾਨ ਤੋਂ ਬਾਹਰ ਦੇ ਵਿਵਾਦਾਂ ਨੂੰ ਭੁਲਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦਕਿ ਡੇਵਿਡ ਵਾਰਨਰ ਵਿਸ਼ਵ ਕੱਪ ਤੋਂ ਪਹਿਲਾਂ ਵਿਰੋਧੀ ਟੀਮਾਂ ਲਈ ਖ਼ਤਰਾ ਬਣ ਕੇ ਉਭਰਿਆ। 40 ਸਾਲ ਦੇ ਇਮਰਾਨ ਤਾਹਿਰ ਨੇ ਇਸ ਸਾਲ ਦੇ IPL ਵਿੱਚ ਆਪਣੀ ਫ਼ਿਰਕੀ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ।
ਬੁੱਢੇ ਘੋੜਿਆਂ ਦੀ ਫ਼ੌਜ ਕਹੀ ਜਾਣ ਵਾਲੀ ਮਹਿੰਦਰ ਸਿੰਘ ਧੋਨੀ ਦੀ ਟੀਮ ਫ਼ਾਈਨਲ ਤਕ ਪਹੁੰਚੀ। ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਫ਼ਲ ਮਿਲਿਆ। ਇਸ IPL ਸੀਜ਼ਨ ਵਿੱਚ 30 ਤੋਂ ਵੱਧ ਮੈਚ ਆਖ਼ਰੀ ਓਵਰ ਵਿੱਚ ਜਾ ਕੇ ਖ਼ਤਮ ਹੋਏ। ਵਿਸ਼ਵ ਕੱਪ ਕਾਰਨ ਸਾਰਿਆਂ ਦਾ ਧਿਆਨ ਕੌਮਾਂਤਰੀ ਖਿਡਾਰੀਆਂ ਦੀ ਲੈਅ ਅਤੇ ਫ਼ਿੱਟਨੈਸ ‘ਤੇ ਸੀ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਲਈ ਸਭ ਤੋਂ ਵੱਡਾ ਫ਼ਾਇਦਾ ਹਾਰਦਿਕ ਅਤੇ ਰਾਹੁਲ ਦਾ ਪ੍ਰਦਰਸ਼ਨ ਰਿਹਾ। ਇੱਕ TV ਸ਼ੋਅ ‘ਤੇ ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਾਰਨ ਅਸਥਾਈ ਪਾਬੰਦੀ ਝੱਲ ਕੇ ਪਰਤੇ ਹਾਰਦਿਕ ਅਤੇ ਰਾਹੁਲ ਨੇ ਪੂਰਾ ਧਿਆਨ ਚੰਗੇ ਪ੍ਰਦਰਸ਼ਨ ‘ਤੇ ਲਾਇਆ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਇਹ ਚੰਗਾ ਸੰਕੇਤ ਹੈ।
ਕਿੰਗਜ਼ ਇਲੈਵਨ ਪੰਜਾਬ ਪਲੇਅਔਫ਼ਸ ਵਿੱਚ ਤਾਂ ਨਹੀਂ ਪਹੁੰਚ ਸਕੀ, ਪਰ ਰਾਹੁਲ ਨੇ 593 ਦੌੜਾਂ ਬਣਾਈਆਂ ਅਤੇ ਉਹ ਡੇਵਿਡ ਵਾਰਨਰ (692) ਮਗਰੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ‘ਤੇ ਰਿਹਾ। ਹਾਰਦਿਕ ਇੱਕ ਵਾਰ ਫ਼ਿਰ ਮੈਚ ਦਾ ਪਾਸਾ ਪਲਟਣ ਵਾਲਾ ਬਣ ਕੇ ਉਭਰਿਆ। ਉਸ ਨੇ 191 ਤੋਂ ਵੱਧ ਦੀ ਸਟਰਾਈਕ ਰੇਟ ਨਾਲ 402 ਦੌੜਾਂ ਬਣਾਈਆਂ, 14 ਵਿਕਟਾਂ ਅਤੇ 11 ਕੈਚ ਲਏ। ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੇ 19-19 ਵਿਕਟਾਂ ਲੈ ਕੇ ਆਪਣੀ ਕਾਬਲੀਅਤ ਸਾਬਿਤ ਕੀਤੀ। ਗੇਂਦ ਛੇੜਛਾੜ ਮਾਮਲੇ ਵਿੱਚ ਪਾਬੰਦੀ ਝੱਲਣ ਮਗਰੋਂ ਡੇਵਿਡ ਵਾਰਨਰ ਨੇ 692 ਦੌੜਾਂ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ। ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਆਖ਼ਰੀ ਮੈਚਾਂ ਦੌਰਾਨ ਲੈਅ ਵਿੱਚ ਆਇਆ।
ਕੈਗਿਸੋ ਰਬਾਡਾ ਨੇ 25 ਵਿਕਟਾਂ ਲਈਆਂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਸੁਪਰ ਓਵਰ ਤਕ ਖਿੱਚੇ ਮੈਚ ਵਿੱਚ ਉਸ ਦੀਆਂ ਛੇ ਯੌਰਕਰ ਲੰਮੇ ਸਮੇਂ ਤਕ ਯਾਦ ਰਹਿਣਗੀਆਂ। ਟੂਰਨਾਮੈਂਟ ਤੋਂ ਪਹਿਲਾਂ ਕਲਾਈ ਦੇ ਸਪਿਨਰਾਂ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਬਾਰੇ ਕਾਫ਼ੀ ਹਵਾ ਬਣਾਈ ਗਈ ਸੀ, ਪਰ 40 ਸਾਲ ਦਾ ਤਾਹਿਰ ਦੋਹਾਂ ‘ਤੇ ਭਾਰੂ ਪੈ ਗਿਆ। ਉਸ ਦੀ ਰਿਵਾਇਤੀ ਲੈੱਗ ਬਰੇਕ ਅਤੇ ਗੁਗਲੀ ਬੱਲੇਬਾਜ਼ਾਂ ਲਈ ਜੀਅ ਦਾ ਜੰਜਾਲ ਬਣ ਗਈ ਸੀ ਜਿਸ ਦੇ ਦਮ ‘ਤੇ ਉਸ ਨੇ ਪਰਪਲ ਕੈਪ ਵੀ ਹਾਸਿਲ ਕੀਤੀ। ਵੈੱਸਟ ਇੰਡੀਜ਼ ਲਈ ਖ਼ੁਸ਼ੀ ਦੀ ਗੱਲ ਆਂਦਰੇ ਰੱਸਲ ਦੀ ਲੈਅ ਰਹੀ ਹੋਵੇਗੀ ਜਿਸ ਨੇ ਆਪਣੇ ਦਮ ‘ਤੇ KKR ਲਈ ਮੋਰਚਾ ਸੰਭਾਲਦਿਆਂ 510 ਦੌੜਾਂ ਬਣਾਈਆਂ ਅਤੇ 11 ਵਿਕਟਾਂ ਲਈਆਂ।