ਮਸ਼ਹੂਰ ਫ਼ਿਲਮਸਾਜ਼ ਸੰਜੇ ਲੀਲਾ ਭੰਸਾਲੀ ਛੇਤੀ ਹੀ ਸਲਮਾਨ ਖ਼ਾਨ ਤੇ ਆਲੀਆ ਭੱਟ ਨਾਲ ਫ਼ਿਲਮ ਇੰਸ਼ਾ ਅੱਲ੍ਹਾ ਦੀ ਸ਼ੂਟਿੰਗ ਸ਼ੁਰੂ ਕਰੇਗਾ। ਇਸ ਫ਼ਿਲਮ ਤੋਂ ਇਲਾਵਾ ਸੰਜੇ ਆਪਣੇ ਪ੍ਰੋਡਕਸ਼ਨ ਹਾਊਸ ਤਹਿਤ ਚਾਰ ਹੋਰ ਫ਼ਿਲਮਾਂ ਦਾ ਨਿਰਮਾਣ ਕਰੇਗਾ। ਇਨ੍ਹਾਂ ‘ਚੋਂ ਇੱਕ ਫ਼ਿਲਮ ਦਾ ਨਿਰਦੇਸ਼ਨ ਬਲਵਿੰਦਰ ਸਿੰਘ ਜੰਜੂਆ ਕਰੇਗਾ ਜੋ ਉਸ ਦੀ ਡੈਬਿਊ ਫ਼ਿਲਮ ਹੋਵੇਗੀ। ਜਾਣਕਾਰੀ ਮੁਤਾਬਿਕ, ਇਸ ਫ਼ਿਲਮ ‘ਚ ਰਣਦੀਪ ਹੁੱਡਾ ਮੁੱਖ ਕਿਰਦਾਰ ਨਿਭਾਏਗਾ। ਰਣਦੀਪ ਇਸ ‘ਚ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾਏਗਾ। ਫ਼ਿਲਮ ਦੀ ਕਹਾਣੀ ਇੱਕ ਛੋਟੇ ਸ਼ਹਿਰ ਦੀ ਜ਼ਿੰਦਗੀ ‘ਤੇ ਆਧਾਰਿਤ ਹੋਵੇਗੀ ਜੋ ਬਹੁਤ ਹੀ ਰੋਮਾਂਚਿਤ ਢੰਗ ਨਾਲ ਅੱਗੇ ਵਧਦੀ ਨਜ਼ਰ ਆਵੇਗੀ।
ਬਲਵਿੰਦਰ ਜੰਜੂਆ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਮੁਬਾਰਕਾਂ, ਫ਼ਿਰੰਗੀ ਅਤੇ ਸਾਂਢ ਕੀ ਆਂਖ ਵਰਗੀਆਂ ਫ਼ਿਲਮਾਂ ਦੀ ਸਕ੍ਰਿਪਟ ਲਿਖ ਚੁੱਕਾ ਹੈ। ਫ਼ਿਲਮ ਸਾਂਢ ਕੀ ਆਂਖ ਦੀ ਅਜੇ ਸ਼ੂਟਿੰਗ ਚੱਲ ਰਹੀ ਹੈ ਜਿਸ ‘ਚ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਮੁੱਖ ਭੂਮਿਕਾਵਾਂ ‘ਚ ਹਨ ਜਦਕਿ ਦੋ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਹੁਣ ਬਲਵਿੰਦਰ ਨੇ ਆਪਣੇ ਨਿਰਦੇਸ਼ਨ ‘ਚ ਬਣਨ ਵਾਲੀ ਇਸ ਅਗਲੀ ਫ਼ਿਲਮ ਦੀ ਸਕ੍ਰਿਪਟ ‘ਤੇ ਵੀ ਕਾਫ਼ੀ ਮਿਹਨਤ ਕੀਤੀ ਹੈ। ਫ਼ਿਲਮ ਦੀ ਸ਼ੂਟਿੰਗ ਲਈ ਜਗ੍ਹਾ ਫ਼ਾਈਨਲ ਹੋਣ ਤੋਂ ਬਾਅਦ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਰਣਦੀਪ ਇਸ ਤੋਂ ਪਹਿਲਾਂ ਬਾਗ਼ੀ 2 ਅਤੇ ਕਿੱਕ ਆਦਿ ਫ਼ਿਲਮ ‘ਚ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਚੁੱਕਾ ਹੈ। ਉਸ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਣਦੀਪ ਸੁਪਰਹਿੱਟ ਰਹੀ ਫ਼ਿਲਮ ਲਵ ਆਜ ਕੱਲ੍ਹ ਦੇ ਸੀਕੁਅਲ ‘ਚ ਵੀ ਨਜ਼ਰ ਆਵੇਗਾ।