ਵਿਰਾਟ ਨਾਲ ਝਗੜੇ ਤੋਂ ਬਾਅਦ ਜਦੋਂ ਗੁੱਸੇ ‘ਚ ਅੰਪਾਇਰ ਨੇ ਦਰਵਾਜ਼ੇ ਨੂੰ ਮਾਰੀ ਲੱਤ

ਨਵੀਂ ਦਿੱਲੀ – IPL ਦਾ 12ਵਾਂ ਸੈਸ਼ਨ ਇਤਿਹਾਸ ਵਿੱਚ ਖ਼ਰਾਬ ਅੰਪਾਇਰਿੰਗ ਅਤੇ ਖਿਡਾਰੀਆਂ ਨਾਲ ਵਿਵਾਦ ਨੂੰ ਲੈ ਕੇ ਯਾਦ ਕੀਤਾ ਜਾਵੇਗਾ। ਇਸ ਸੀਜ਼ਨ ਵਿੱਚ ਅਜਿਹੇ ਕਈ ਮੌਕੇ ਆਏ ਜਦੋਂ ਖਿਡਾਰੀਆਂ ਅਤੇ ਅੰਪਾਇਰਾਂ ਵਿਚਾਲੇ ਬਹਿਸ ਹੋਈ। ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਇੱਕ ਮੈਚ ਦੌਰਾਨ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਅਤੇ ਅੰਪਾਇਰ ਲੌਂਗ ਵਿਚਾਲੇ ਵੀ ਬਹਿਸ ਹੋ ਗਈ। ਸੂਤਰਾਂ ਮੁਤਾਬਿਕ, ਇਸ ਝਗੜੇ ਤੋਂ ਬਾਅਦ ਗੁੱਸੇ ‘ਚ ਅੰਪਾਇਰ ਲੌਂਗ ਨੇ ਅੰਪਾਇਰ ਰੂਮ ਦੇ ਦਰਵਾਜ਼ੇ ਨੂੰ ਲੱਤ ਮਾਰ ਕੇ ਨੁਕਸਾਨ ਵੀ ਪਹੁੰਚਾਇਆ।
4 ਮਈ (ਸ਼ਨੀਵਾਰ) ਨੂੰ ਖੇਡਿਆ ਗਿਆ ਇਹ ਮੁਕਾਬਲਾ ਬੈਂਗਲੁਰੂ ਅਤੇ ਹੈਦਰਾਬਾਦ ਵਿਚਾਲੇ ਸੀ। ਹੈਦਰਾਬਾਦ ਲਈ ਇਹ ਮੈਚ ਕਰੋ ਜਾਂ ਮਰੋ ਦਾ ਮੁਕਾਬਲਾ ਸੀ ਕਿਉਂਕਿ ਇਸ ਜਿੱਤ ਤੋਂ ਬਾਅਦ ਉਹ ਪਲੇਔਫ਼ ਵਿੱਚ ਪਹੁੰਚਣ ਵਾਲੀ ਚੌਥੀ ਟੀਮ ਬਣ ਜਾਂਦੀ। ਦੂਜੇ ਪਾਸੇ, ਇਸ ਸੀਜ਼ਨ ਵਿੱਚ ਬੇਹੱਦ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਬੈਂਗਲੁਰੂ ਦੀ ਟੀਮ ਆਪਣੇ ਆਖ਼ਰੀ ਮੈਚ ਵਿੱਚ ਜਿੱਤ ਹਾਸਿਲ ਕਰ ਕੇ ਬਿਹਤਰ ਸਮਾਪਤੀ ਕਰਨਾ ਚਾਹੁੰਦੀ ਸੀ। ਇਸ ਦੌਰਾਨ ਮੈਚ ਵਿੱਚ ਅੰਪਾਇਰ ਨਾਈਜਲ ਲੌਂਗ ਨੇ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਇੱਕ ਗੇਂਦ ਨੋ ਬਾਲ ਕਰਾਰ ਦੇ ਦਿੱਤੀ। ਬਾਅਦ ਵਿੱਚ ਜਦੋਂ TV ਰੀ-ਪਲੇਅ ਵਿੱਚ ਦੇਖਿਆ ਗਿਆ ਤਾਂ ਯਾਦਵ ਦਾ ਪੈਰ ਲਾਈਨ ਤੋਂ ਪਿੱਛੇ ਸੀ। ਇਸ ਤੋਂ ਬਾਅਦ ਕਪਤਾਨ ਵਿਰਾਟ ਅਤੇ ਉਮੇਸ਼ ਨੇ ਅੰਪਾਇਰ ਦੇ ਫ਼ੈਸਲੇ ਦਾ ਵਿਰੋਧ ਕੀਤਾ। ਹਾਲਾਂਕਿ ਅੰਪਾਇਰ ਨੇ ਆਪਣਾ ਫ਼ੈਸਲਾ ਵਾਪਿਸ ਲੈਣ ਤੋਂ ਇਨਕਾਰ ਕਰ ਦਿੱਤਾ। ਮੈਦਾਨ ਵਿਚਾਲੇ ਅੰਪਾਇਰ ਲੌਂਗ ਵੀ ਦੋਵੇਂ ਖਿਡਾਰੀਆਂ ਨਾਲ ਬਹਿਸ ਕਰਦਾ ਹੋਇਆ ਦੇਖਿਆ ਗਿਆ।
ਮੈਚ ਤੋਂ ਬਾਅਦ ਜਦੋਂ ਅੰਪਾਇਰ ਲੌਂਗ ਆਪਣੇ ਸਾਥੀ ਅੰਪਾਇਰ ਨਾਲ ਪੈਵਿਲੀਅਨ ਪਰਤਿਆ ਤਾਂ ਗੁੱਸੇ ਵਿੱਚ ਉਸ ਨੇ ਅੰਪਾਇਰ ਰੂਮ ਦੇ ਦਰਵਾਜ਼ੇ ਨੂੰ ਲੱਤ ਮਾਰੀ ਜਿਸ ਕਾਰਨ ਦਰਵਾਜ਼ੇ ਨੂੰ ਕੁੱਝ ਨੁਕਸਾਨ ਹੋਇਆ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਨੇ ਇਸ ਦੀ ਜਾਣਕਾਰੀ ਮੈਚ ਰੈਫ਼ਰੀ ਨਾਰਾਇਮ ਕੁੱਟੀ ਨੂੰ ਦਿੱਤੀ। ਹਾਲਾਂਕਿ ਬਾਅਦ ਵਿੱਚ ਲੌਂਗ ਨੇ ਕ੍ਰਿਕਟ ਐਸੋਸੀਏਸ਼ਨ ਨਾਲ ਗੱਲ ਕੀਤੀ ਅਤੇ ਇਸ ਨੁਕਸਾਨ ਨੂੰ ਭਰਨ ਲਈ ਪੰਜ ਹਜ਼ਾਰ ਰੁਪਏ ਵੀ ਦਿੱਤੇ। ਹੁਣ ਕਰਨਾਟਕ ਐਸੋਸੀਏਸ਼ਨ ਨੇ ਤੈਅ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ BCCI ਵਿੱਚ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਦੀ ਜਾਣਕਾਰੀ ਵਿੱਚ ਲਿਆਏਗਾ।