ਪ੍ਰਤੀਕ ਬੱਬਰ ਨੂੰ ਮਿਲੀ ਰਜਨੀਕਾਂਤ ਦੀ ਫ਼ਿਲਮ

ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ਦਰਬਾਰ ਦਾ ਹਾਲ ਹੀ ‘ਚ ਪੋਸਟਰ ਰਿਲੀਜ਼ ਹੋਇਆ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਨੂੰ ਲੈ ਕੇ ਹੁਣ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ‘ਚ ਪ੍ਰਤੀਕ ਬੱਬਰ ਇੱਕ ਖ਼ਲਨਾਇਕ ਦੀ ਭੂਮਿਕਾ ਨਿਭਾਏਗਾ। ਏ. ਆਰ. ਮੁਰੂਗਾਦਾਸ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਫ਼ਿਲਮ ਦਰਬਾਰ ‘ਚ 25 ਸਾਲ ਬਾਅਦ ਰਜਨੀਕਾਂਤ ਨੂੰ ਦਰਸ਼ਕ ਇੱਕ ਪੁਲੀਸ ਅਧਿਕਾਰੀ ਦੇ ਕਿਰਦਾਰ ‘ਚ ਦੇਖਣਗੇ। ਨਿਵੇਦਾ, ਰਵੀ ਕਿਸ਼ਨ ਅਤੇ ਕੁਣਾਲ ਖੇਮੂ ਵੀ ਇਸ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਮੁਰੂਗਾਦਾਸ ਹਿੰਦੀ ਫ਼ਿਲਮ ਬਾਗ਼ੀ 2 ‘ਚ ਪ੍ਰਤੀਕ ਬੱਬਰ ਦੀ ਅਦਾਕਾਰੀ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਸੀ। ਇਸੇ ਲਈ ਉਸ ਨੇ ਇਸ ਫ਼ਿਲਮ ‘ਚ ਉਸ ਨੂੰ ਲੈਣ ਦਾ ਫ਼ੈਸਲਾ ਕੀਤਾ। ਪ੍ਰਤੀਕ ਨੇ ਦੱਸਿਆ ਕਿ ਇੰਨੇ ਘੱਟ ਸਮੇਂ ‘ਚ ਇਸ ਫ਼ਿਲਮ ਦਾ ਉਸ ਨੂੰ ਮਿਲਣਾ ਕਿਸੇ ਸੁਪਨੇ ਵਰਗਾ ਹੈ। ਪ੍ਰਤੀਕ ਇਸ ਵਰ੍ਹੇ ਨੂੰ ਆਪਣੇ ਲਈ ਬਹੁਤ ਚੰਗਾ ਮੰਨਦਾ ਹੈ। ਉਹ ਰਜਨੀਕਾਂਤ ਅਤੇ ਮੁਰੂਗਾਦਾਸ ਨਾਲ ਇਸ ਫ਼ਿਲਮ ‘ਚ ਕੰਮ ਕਰਨ ਨੂੰ ਲੈ ਕੇ ਉਤਾਵਲਾ ਹੈ।
ਪ੍ਰਤੀਕ ਨੇ ਪਿਛਲੇ ਸਾਲ ਟਾਈਗਰ ਸ਼ਰਾਫ਼ ਅਤੇ ਦਿਸ਼ਾ ਪਟਾਨੀ ਨਾਲ ਫ਼ਿਲਮ ਬਾਗ਼ੀ 2 ‘ਚ ਵੀ ਇੱਕ ਖ਼ਲਨਾਇਕ ਦਾ ਕਿਰਦਾਰ ਬੇਹੱਦ ਸੰਜੀਦਗੀ ਨਾਲ ਨਿਭਾਇਆ ਸੀ। ਇਸ ਫ਼ਿਲਮ ਤੋਂ ਬਾਅਦ ਪ੍ਰਤੀਕ ਨੂੰ ਕਈ ਫ਼ਿਲਮਾਂ ਦੀ ਪੇਸ਼ਕਸ਼ ਮਿਲੀ। ਹਾਲ ਹੀ ‘ਚ ਉਸ ਨੇ ਨਿਤੇਸ਼ ਤਿਵਾੜੀ ਦੀ ਫ਼ਿਲਮ ਛਿਛੋਰੇ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਸ ਕੋਲ ਪਾਵਰ ਅਤੇ ਅਭੀ ਤੋ ਪਾਰਟੀ ਸ਼ੁਰੂ ਹੂਈ ਹੈ ਵਰਗੀਆਂ ਫ਼ਿਲਮਾਂ ਵੀ ਕਰਨ ਵਾਸਤੇ ਪਈਆਂ ਹੋਈਆਂ ਹਨ।