ਸੋਨੂ ਸੂਦ ਨੇ 2017 ‘ਚ ਐਕਸ਼ਨ ਕੌਮੇਡੀ ਫ਼ਿਲਮ ਕੰਗ ਫ਼ੂ ਯੋਗਾ ‘ਚ ਜੈਕੀ ਚੈਨ ਨਾਲ ਕੰਮ ਕੀਤਾ ਸੀ। ਫ਼ਿਲਮ ‘ਚ ਦੋਹਾਂ ਅਭਿਨੇਤਾਵਾਂ ਦੀ ਕੌਮੇਡੀ ਅਤੇ ਐਕਸ਼ਨ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਹਾਲ ਹੀ ‘ਚ ਸੋਨੂ ਸੂਦ ਨੇ ਦੁਬਈ ਵਿੱਚ ਇਸ ਫ਼ਿਲਮ ਦੇ ਡਾਇਰੈਕਟਰ ਸਟੈਨਲੀ ਟਾਂਗ ਅਤੇ ਅਭਿਨੇਤਾ ਜੈਕੀ ਚੈਨ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਿਕ, ਜੈਕੀ ਅਤੇ ਸੋਨੂੰ ਦੀ ਜੋੜੀ ਇੱਕ ਵਾਰ ਫ਼ਿਰ ਕੰਗ ਫ਼ੂ ਯੋਗਾ 2 ‘ਚ ਨਜ਼ਰ ਆਏਗੀ। ਇਸ ਮੁਲਾਕਾਤ ਬਾਰੇ ਸੋਨੂ ਨੇ ਕਿਹਾ, ”ਉਨ੍ਹਾਂ ਨੇ ਮੈਨੂੰ ਰਾਤ ਦੇ ਖਾਣੇ ‘ਤੇ ਬੁਲਾਇਆ ਸੀ। ਉਥੇ ਹੀ ਇਸ ਫ਼ਿਲਮ ਦੀ ਟੀਮ ਦੇ ਕੁੱਝ ਹੋਰ ਲੋਕਾਂ ਨੇ ਵੀ ਸਾਡੇ ਨਾਲ ਮੁਲਾਕਾਤ ਕੀਤੀ। ਅਸੀਂ ਇਸ ਫ਼ਿਲਮ ਦੇ ਅਗਲੇ ਭਾਗ ਨੂੰ ਬਣਾਉਣ ਬਾਰੇ ਗੱਲਬਾਤ ਕੀਤੀ ਹੈ ਅਤੇ ਸਟੈਨਲੀ ਪਹਿਲਾਂ ਹੀ ਇਸ ਦੀ ਸਕ੍ਰਿਪਟ ‘ਤੇ ਕੰਮ ਸ਼ੁਰੂ ਕਰ ਚੁੱਕਾ ਹੈ। ਜਿਵੇਂ ਹੀ ਜੈਕੀ ਅਤੇ ਸਟੈਨਲੀ ਆਪਣੀਆਂ ਚੱਲ ਰਹੀਆਂ ਫ਼ਿਲਮਾਂ ਨੂੰ ਖ਼ਤਮ ਕਰ ਲੈਣਗੇ, ਇਸ ਫ਼ਿਲਮ ਦੇ ਅਗਲੇ ਭਾਗ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਸੋਨੂ ਸੂਦ ਨੇ ਕਿਹਾ, ”ਅਸੀਂ ਇਸ ਫ਼ਿਲਮ ਲਈ ਕਾਫ਼ੀ ਸਫ਼ਰ ਤੈਅ ਕੀਤਾ ਹੈ। ਇਹ ਮੇਰੀਆਂ ਪਸੰਦੀਦਾ ਫ਼ਿਲਮਾਂ ‘ਚੋਂ ਇੱਕ ਹੈ। ਮੈਂ ਹਮੇਸ਼ਾ ਇਸ ਗੱਲ ਨੂੰ ਲੈ ਕੇ ਖ਼ੁਸ਼ ਰਹਾਂਗਾ ਕਿ ਜੈਕੀ ਮੇਰੇ ਬਲਾਉਣ ‘ਤੇ ਇਸ ਫ਼ਿਲਮ ਲਈ ਇੰਡੀਆ ਆਇਆ ਸੀ।” ਸੂਦ ਨੇ ਕਿਹਾ ਕਿ ਜਦੋਂ ਜੈਕੀ ਅਤੇ ਸਟੈਨਲੀ ਦੀ ਟੀਮ ਵੈਨ ਗਾਰਡ ਦੀ ਸ਼ੂਟਿੰਗ ਲਈ ਇੰਡੀਆ ਆਏਗੀ ਤਾਂ ਉਹ ਉਨ੍ਹਾਂ ਨਾਲ ਮੁਲਾਕਾਤ ਕਰੇਗਾ ਜ਼ਿਕਰਯੋਗ ਹੈ ਕਿ ਸੋਨੂ ਸੂਦ ਜਲਦ ਹੀ ਕਈ ਦੱਖਣ ਦੀਆਂ ਫ਼ਿਲਮਾਂ ‘ਚ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਉਣ ਵਾਲਾ ਹੈ।











