ਨਵੀਂ ਦਿੱਲੀ – ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ, ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 2018 ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਕ੍ਰਿਕਇਨਫ਼ੋ ਐਵਾਰਡ ਲਈ ਚੁਣਿਆ ਗਿਆ ਹੈ।
ਭਾਰਤ ਨੇ ਇਨ੍ਹਾਂ ਐਵਾਰਡਾਂ ਵਿੱਚ ਦਬਦਬਾ ਬਣਾਉਂਦੇ ਹੋਏ 12 ਵਰਗਾਂ ਵਿੱਚੋਂ ਪੰਜ ਜਿੱਤੇ। ਭਾਰਤ ਦੀ ਆਸਟਰੇਲੀਆ ਵਿੱਚ 2-1 ਦੀ ਇਤਿਹਾਸਕ ਟੈੱਸਟ ਸੀਰੀਜ਼ ਜਿੱਤ ਦੇ ਸੂਤਰਧਾਰ ਰਹੇ ਪੁਜਾਰਾ ਨੂੰ ਐਡੀਲੇਡ ਵਿੱਚ ਸੈਂਕੜੇ ਅਤੇ ਬੁਮਰਾਹ ਨੂੰ ਮੈਲਬੋਰਨ ਵਿੱਚ ਆਪਣੀ ਘਾਤਕ ਸਪੈੱਲ ਲਈ ਕ੍ਰਮਵਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਐਵਾਰਡ ਮਿਲਿਆ।
ਕੁਲਦੀਪ ਨੇ ਟ੍ਰੈਂਟ ਬ੍ਰਿਜ ਵਿੱਚ ਇੰਗਲੈਂਡ ਵਿਰੁੱਧ ਵਨ ਡੇ ਮੈਚ ਵਿੱਚ 6 ਵਿਕਟਾਂ ਅਤੇ ਓਲਡ ਟ੍ਰੈਫ਼ਰਡ ਵਿੱਚ T-20 ਵਿੱਚ ਪੰਜ ਵਿਕਟਾਂ ਦੇ ਆਪਣੇ ਪ੍ਰਦਰਸ਼ਨ ਲਈ ਸੀਮਤ ਓਵਰਾਂ ਦੇ ਦੋਹੇਂ ਗੇਂਦਬਾਜ਼ੀ ਪੁਰਸਕਾਰ ਜਿੱਤ ਲਏ। ਭਾਰਤ ਦੀ T-20 ਮਹਿਲਾ ਕਪਤਾਨ ਹਰਮਨਪ੍ਰੀਤ ਕੌਰ ਨੂੰ ਨਿਊ ਜ਼ੀਲੈਂਡ ਵਿਰੁੱਧ ਉਸ ਦੇ ਸ਼ਾਨਦਾਰ ਸੈਂਕੜੇ ਲਈ ਸਰਵਸ੍ਰੇਸ਼ਠ T-20 ਬੱਲੇਬਾਜ਼ ਐਵਾਰਡ ਮਿਲਿਆ। ਸਰਵਸ੍ਰੇਸ਼ਠ ਕਪਤਾਨ ਲਈ ਆਸਟਰੇਲੀਆ ਦੀ ਮਹਿਲਾ ਕਪਤਾਨ ਮੈੱਗ ਲੈਨਿੰਗ ਨੇ ਭਾਰਤੀ ਪੁਰਸ਼ਾਂ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਦਿੱਤਾ।












