ਮੁੰਬਈ – ਦੱਖਣੀ ਅਫ਼ਰੀਕਾ ਦੇ ਸਾਬਕਾ ਕ੍ਰਿਕਟਰ ਹਰਸ਼ਲ ਗਿਬਜ਼ ਨੇ ਕਿਹਾ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ‘ਚ ਭਾਰਤ ਅਤੇ ਮੇਜ਼ਬਾਨ ਇੰਗਲੈਂਡ ਜਿੱਤ ਦਾ ਦਾਵੇਦਾਰ ਹੋਵੇਗਾ। ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਵਰਲਡ ਕੱਪ ਹਮੇਸ਼ਾ ਹੀ ਕਾਫ਼ੀ ਖੁੱਲਾ ਟੂਰਨਾਮੈਂਟ ਹੁੰਦਾ ਹੈ। ਭਾਰਤ ਅਤੇ ਇੰਗਲੈਂਡ ਇਸ ਦੇ ਦੋ ਸਭ ਤੋਂ ਵੱਡੇ ਦਾਵੇਦਾਰ ਹੋਣਗੇ, ਪਰ ਸੈਮੀਫ਼ਾਈਨਲ ‘ਚ ਬਾਕੀ ਦੀਆਂ ਦੋ ਟੀਮਾਂ ਕੌਣ ਹੋਣਗੀਆਂ ਇਹ ਕਹਿਣਾ ਮੁਸ਼ਕਿਲ ਹੈ। ਇਹ ਇੰਗਲੈਂਡ ਦੇ ਮੌਸਮ ‘ਤੇ ਵੀ ਬਹੁਤ ਨਿਰਭਰ ਕਰੇਗਾ। ਗੇਂਦਬਾਜ਼ੀ ਆਕ੍ਰਮਣ ਦੀ ਬਹੁਤ ਅਹਿਮ ਭੂਮੀਕਾ ਹੋਵੇਗੀ। 44 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਨੂੰ ਅਨੁਭਵੀ AB ਡਿਵੀਲੀਅਰਜ਼ ਤੋਂ ਜ਼ਿਆਦਾ ਇੱਕ ਵਧੀਆ ਹਰਫ਼ਨਮੌਲਾ ਦੀ ਕਮੀ ਮਹਿਸੂਸ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਡਿਵੀਲੀਅਰਜ਼ ਤੋਂ ਬਿਨ੍ਹਾਂ ਵੀ ਸਾਡੀ ਟੀਮ ਮਜ਼ਬੂਤ ਹੈ। ਟੀਮ ‘ਚ ਫ਼ੈਫ਼ (ਡੂ ਪਲੇਸੀ) ਅਤੇ ਕਵਿੰਟਨ ਡੀ ਕੌਕ ਵਰਗੇ ਖਿਡਾਰੀ ਹਨ।












